ਚੰਡੀਗੜ੍ਹ : ਮੁੱਖ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਵੀ ਬੀਤੇ ਵਰ੍ਹੇ ਵਾਂਗ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਕੋਵਿਡ ਮਹਾਂਮਾਰੀ ਦੀ ਸਥਿਤੀ ਨੂੰ ਵੇਖਦੇ ਹੋਏ ਮੰਡੀਆਂ ਵਿੱਚ ਭੀੜ ਘਟਾਈ ਜਾ ਸਕੇ। ਉਨ੍ਹਾਂ ਯਕੀਨੀ ਦਵਾਇਆ ਕਿ ਕਿਸਾਨਾਂ ਨੂੰ ਪਾਸ ਜ਼ਿਲ੍ਹਾ ਪੱਧਰ ਉੱਤੇ ਆੜ੍ਹਤੀਆਂ ਨਾਲ ਵਿਚਾਰ-ਵਟਾਂਦਰੇ ਪਿੱਛੋਂ ਜਾਰੀ ਕੀਤੇ ਜਾਣਗੇ ਕਿਉਂਕਿ ਆੜ੍ਹਤੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕਿਹੜੇ ਕਿਸਾਨ ਨੇ ਆਪਣੀ ਫ਼ਸਲ ਦੀ ਵਾਢੀ ਕਰ ਲਈ ਹੈ ਅਤੇ ਉਹ ਮੰਡੀ ਵਿੱਚ ਆਉਣ ਲਈ ਤਿਆਰ ਹੈ।
ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : ਕੈਪਟਨ ਅਮਰਿੰਦਰ ਸਿੰਘ (Capt Amrinder Singh) ਵੱਲੋਂ ਆੜ੍ਹਤੀਆਂ ਨੂੰ ਵਿਵਸਥਾ ਦਾ ਹਿੱਸਾ ਬਣੇ ਰਹਿਣ ਦਾ ਭਰੋਸਾ
ਆੜ੍ਹਤੀਆਂ ਦੇ ਦੁੱਖ-ਦਰਦ ਨੂੰ ਸਾਂਝਾ ਕਰਦੇ ਹੋਏ, ਜਿਸ ਬਾਰੇ ਉਨ੍ਹਾਂ ਕਿਹਾ ਕਿ ਉਹ ਦਿਲ ਦੀਆਂ ਡੂੰਘਾਈਆਂ ਤੋਂ ਇਸਨੂੰ ਮਹਿਸੂਸ ਕਰਦੇ ਹਨ, ਮੁੱਖ ਮੰਤਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕੇਂਦਰ ਸਰਕਾਰ ਉਨ੍ਹਾਂ (ਆੜ੍ਹਤੀਆਂ) ਅਤੇ ਕਿਸਾਨਾਂ ਨਾਲ ਅਜਿਹਾ ਭੈੜਾ ਸਲੂਕ ਕਿਉਂ ਕਰ ਰਹੀ ਹੈ। ਉਨ੍ਹਾਂ ਯਾਦ ਕਰਦੇ ਹੋਏ ਕਿਹਾ ਕਿ ਆੜ੍ਹਤੀਆ ਪ੍ਰਣਾਲੀ ਉਦੋਂ ਵੀ ਚਲਦੀ ਸੀ ਜਦੋਂ ਉਹ ਛੋਟੇ ਸਨ ਅਤੇ ਆਪਣੇ ਦਾਦਾ ਜੀ ਦੇ ਨਾਲ ਮੰਡੀਆਂ ਵਿੱਚ ਜਾਂਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਭਾਰਤ ਸਰਕਾਰ ਇਸ ਪ੍ਰਣਾਲੀ ਨੂੰ ਬਰਬਾਦ ਕਰਨ ’ਤੇ ਕਿਉਂ ਤੁਲੀ ਹੋਈ ਹੈ ਕਿਉਂਕਿ ਆੜ੍ਹਤੀਏ ਕੋਈ ਵਿਚੋਲਗਿਰੀ ਨਹੀਂ ਕਰਦੇ ਸਗੋਂ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਨਿੱਜੀ ਖੇਤਰ ਦਾ ਕੰਮਕਾਜ ਮੌਜੂਦਾ ਪ੍ਰਣਾਲੀ ਦੇ ਨਾਲ ਚੱਲ ਸਕਦਾ ਹੈ, ਇਸ ਲਈ ਮੌਜੂਦਾ ਪ੍ਰਣਾਲੀ ਨੂੰ ਬਦਲੇ ਜਾਣ ਦੀ ਕੋਈ ਲੋੜ ਨਹੀਂ ਹੈ।
ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਚੱਲਦਿਆਂ ਕਣਕ ਦੀ ਸੁਰੱਖਿਅਤ ਖਰੀਦ ਅਤੇ ਮੰਡੀਕਰਨ ਬਾਰੇ ਐਡਵਾਈਜ਼ਰੀ ਜਾਰੀ
ਕਿਸਾਨਾਂ ਦੀ ਆਮਦਨੀ ਵਿੱਚ 72 ਫੀਸਦੀ ਵਾਧੇ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਦਾ ਸਿਹਰਾ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਰਲ ਮਿਲ ਕੇ ਕੀਤੇ ਜਾਂਦੇ ਸੁਹਿਰਦ ਯਤਨਾਂ ਸਿਰ ਬੰਨ੍ਹਿਆ।ਉਨ੍ਹਾਂ ਅੱਗੇ ਕਿਹਾ, ’’ਹਰੀ ਕ੍ਰਾਂਤੀ ਲਿਆਉਣ ਵਿੱਚ ਅਤੇ ਭਾਰਤ ਦੇ ਅਨਾਜ ਭੰਡਾਰਾਂ ਨੂੰ ਨੱਕੋ-ਨੱਕ ਭਰਨ ਵਿੱਚ ਤੁਹਾਡੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।’’ ਉਨ੍ਹਾਂ ਹੋਰ ਦੱਸਿਆ ਕਿ ਉਹ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਚੁੱਕੇ ਜਾ ਰਹੇ ਕਦਮਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਨ ਅਤੇ ਉਨ੍ਹਾਂ ਇਹ ਭਰੋਸਾ ਦਿੱਤਾ ਕਿ ਆੜ੍ਹਤੀਆਂ ਦੇ ਸਾਰੇ ਖ਼ਦਸ਼ੇ ਦੂਰ ਕੀਤੇ ਜਾਣਗੇ ਅਤੇ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਹੜਤਾਲ ਵਾਪਸ ਲੈਣ ਨੂੰ ਸੂਬੇ ਅਤੇ ਇਸਦੇ ਕਿਸਾਨਾਂ ਦੇ ਹਿੱਤ ਵਿੱਚ ਦੱਸਦੇ ਹੋਏ, ਵਿਜੈ ਕਾਲੜਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੇਂਦਰ ਨਾਲ ਲੜਾਈ ਵਿੱਚ ਆੜ੍ਹਤੀਆਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਵਿਜੈ ਕਾਲੜਾ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ, ਕਿਸਾਨ ਅੰਦੋਲਨ ਖੜ੍ਹਾ ਕਰਨ ਲਈ ਪੰਜਾਬ ਨੂੰ ਸਜ਼ਾ ਦੇਣ ਉੱਤੇ ਤੁਲੀ ਹੋਈ ਹੈ। ਇਸ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਆੜ੍ਹਤੀਏ ਤਾਂ ਬੱਸ ਆਪਣੀਆਂ ਵਪਾਰਕ ਗਤੀਵਿਧੀਆਂ ਅਤੇ ਰੋਜ਼ੀ-ਰੋਟੀ ਦੀ ਸੁਰੱਖਿਆ ਚਾਹੁੰਦੇ ਹਨ।