ਚੰਡੀਗੜ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ ਨੇ ਕੋਵਿਡ-19 ਮੈਨੇਜਮੈਂਟ ਸਬੰਧੀ ਸੂਬੇ ਦੇ ਨਿੱਜੀ ਹਸਪਤਾਲਾਂ ਨਾਲ ਵਰਚੁਅਲ ਮੀਟਿੰਗ ਕੀਤੀ। ਉਨਾਂ ਕੋਵਿਡ-19 ਦੇ ਇਲਾਜ ਕਰ ਰਹੇ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਰਹੇ ਕੇਸਾਂ ਨਾਲ ਨਜਿੱਠਣ ਲਈ ਘੱਟੋ ਘੱਟ 30 ਅਪ੍ਰੈਲ ਤੱਕ ਗੈਰ ਜ਼ਰੂਰੀ ਸਰਜਰੀਆਂ ਨੂੰ ਮੁਲਤਵੀ ਕੀਤਾ ਜਾਵੇ।
ਉਨਾਂ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਕਿ ਉਨਾਂ ਵੱਲੋਂ ਇਲਾਜ ਲਈ ਸਰਕਾਰੀ ਤੈਅ ਰੇਟਾਂ ਅਨੁਸਾਰ ਹੀ ਇਲਾਜ ਖਰਚ ਲਿਆ ਜਾਵੇ। ਇਸ ਸਮੇਂ ਸੂਬੇ ਵਿੱਚ 213 ਨਿੱਜੀ ਹਸਪਤਾਲ ਕੋਵਿਡ-19 ਮਰੀਜਾਂ ਦੀ ਦੇਖਭਾਲ ਕਰ ਰਹੇ ਹਨ ਅਤੇ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ 230 ਵੈਂਟੀਲੇਟਰ ਮੁਹੱਈਆ ਕਰਵਾਏ ਹਨ, ਜਿਨਾਂ ਦੀ ਹਦਾਇਤਾਂ ਅਨੁਸਾਰ ਯੋਗ ਵਰਤੋਂ ਕੀਤੀ ਜਾਵੇ।
ਪ੍ਰਮੁੱਖ ਸਕੱਤਰ ਸਿਹਤ ਨੇ ਕੋਵਿਡ ਨਾਲ ਵਧ ਰਹੀਆਂ ਮੌਤਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਲੈਵਲ-2 ਤੋਂ ਲੈਵਲ-3 ਵਿੱਚ ਰੈਫਰ ਸਮੇਂ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ ਅਤੇ ਉਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਸੁਝਾਅ ਦਿੱਤਾ ਕਿ ਮਰੀਜਾਂ ਨੂੰ ਸਮੇਂ ਸਿਰ ਰੈਫਰ ਕੀਤਾ ਜਾਵੇ।ਸੂਬੇ ਨੂੰ ਰੈਮਿਡਿਸੀਵਰ ਦਵਾਈ ਦੀਆਂ 20000 ਤੋਂ ਵੱੱਧ ਖੁਰਾਕਾਂ ਮਿਲੀਆਂ ਹਨ, ਜੋ ਕਿ ਪ੍ਰਾਈਵੇਟ ਹਸਪਤਾਲ ਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲੱਬਧ ਕਰਵਾਈਆਂ ਗਈਆਂ ਹਨ। ਉਨਾਂ ਹਸਪਤਾਲਾਂ ਨੂੰ ਅੱਗੇ ਨਿਰਦੇਸ਼ ਦਿੱਤੇ ਕਿ ਉਹ ਮਰੀਜ਼ ਨੂੰ ਸਿਰਫ ਉਦੋਂ ਤੱਕ ਆਪਣੇ ਕੋਲ ਰੱਖਣ ਜਦੋਂ ਤੱਕ ਉਨਾਂ ਕੋਲ ਉਚਿਤ ਸੰਭਾਲ ਦਾ ਢੁੱਕਵਾਂ ਪ੍ਰਬੰਧ ਹੈ ਅਤੇ ਜੇਕਰ ਉਹ ਮਹਿਸੂਸ ਕਰਦੇ ਹਨ ਕਿ ਮਰੀਜ਼ ਦੀ ਸਿਹਤ ਦੇ ਵਿਗੜਨ ਦੀ ਸੰਭਾਵਨਾ ਹੈ ਤਾਂ ਮਰੀਜ ਨੂੰ ਸਮੇਂ ਸਿਰ ਲੈਵਲ-3 ਸਹੂਲਤ ਵਿੱਚ ਤੁਰੰਤ ਰੈਫਰ ਕੀਤਾ ਜਾਣਾ ਚਾਹੀਦਾ ਹੈ।
ਪ੍ਰਮੁੱਖ ਸਕੱਤਰ ਸਿਹਤ ਨੇ ਕਿਹਾ ਕਿ ਕੋਵਿਡ ਟੀਕਾ ਕੀਮਤੀ ਹੈ ਅਤੇ ਟੀਕੇ ਦੀ ਕਿਸੇ ਵੀ ਬਰਬਾਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਲੋਕਾਂ ਦੀ ਸਹੂਲਤ ਲਈ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕਰਨ। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਨੂੰ ਪ੍ਰੋਟੋਕੋਲ ਦੇ ਅਨੁਸਾਰ ਵਰਤਿਆ ਜਾਵੇ ਅਤੇ ਜੇਕਰ ਵਾਧੂ ਸਪਲਾਈ ਦੀ ਜ਼ਰੂਰਤ ਹੋਵੇ ਤਾਂ ਸਬੰਧਿਤ ਜ਼ਿਲੇ ਦੇ ਸਿਵਲ ਸਰਜਨ ਨਾਲ ਸੰਪਰਕ ਕੀਤਾ ਜਾਵੇ। ਉਨਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਪ੍ਰਾਈਵੇਟ ਹਸਪਤਾਲਾਂ ਦੇ ਮਾਹਿਰ ਕੋਵਿਡ-19 ਮੈਨੇਜਮੈਂਟ ਸਬੰਧੀ ਆਯੋਜਿਤ ਸੈਸ਼ਨਾਂ ਵਿਚ ਸ਼ਾਮਲ ਨਹੀਂ ਹੋ ਰਹੇ ਅਤੇ ਉਨਾਂ ਵੱਲੋਂ ਡਾ. ਕੇ.ਕੇ. ਤਲਵਾੜ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਨਾਂ ਸੈਸ਼ਨਾਂ ਵਿੱਚ ਸ਼ਾਮਿਲ ਹੋਣਾ ਯਕੀਨੀ ਬਣਾਇਆ ਜਾਵੇ।
ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਸ਼੍ਰੀ ਡੀ.ਕੇ. ਤਿਵਾੜੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦੇ ਯਤਨਾਂ ਨੂੰ ਵਧਾਏ ਜਾਣ ‘ਤੇ ਜ਼ੋਰ ਦਿੱਤਾ।
ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਏ.ਐਸ. ਸੇਖੋਂ ਨੇ ਸਿਹਤ ਵਿਭਾਗ ਨੂੰ ਯਕੀਨ ਦੁਆਇਆ ਕਿ ਕੌਂਸਲ ਵੱਲੋਂ ਨਿਯਮਾਂ ਦੀ ਪਾਲਣਾ ਕਰਨ ਲਈ ਸਾਰੇ ਹਸਪਤਾਲਾਂ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਵੈਬੀਨਾਰ ਸੈਸ਼ਨਾਂ ਵਿੱਚ ਸ਼ਾਮਿਲ ਹੋਣਗੇ। ਇਸ ਕੰਮ ਦੇ ਬਿਹਤਰ ਤਾਲਮੇਲ ਲਈ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰਾਂ ਨੂੰ ਜ਼ਿਲੇ ਅਲਾਟ ਕੀਤੇ ਜਾਣ ਤਾਂ ਜੋ ਕੋਵਿਡ ਮੈਨੇਜਮੈਂਟ ਤੇ ਟੀਕਾਕਰਨ ਲਈ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਸਕੇ।
ਇਸ ਵਰਚੂਅਲ ਮੀਟਿੰਗ ਵਿੱਚ ਸਕੱਤਰ ਸਿਹਤ ਸ਼੍ਰੀ ਕੁਮਾਰ ਰਾਹੁਲ, ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਤਨੂੰ ਕਸ਼ਯਪ, ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ, ਸਮੂਹ ਸਿਵਲ ਸਰਜਨ, ਸਟੇਟ ਨੋਡਲ ਅਫ਼ਸਰ ਕੋਵਿਡ-19 ਡਾ. ਰਾਜੇਸ਼ ਭਾਸਕਰ, ਸਟੇਟ ਪ੍ਰੋਗਰਾਮ ਅਫ਼ਸਰ ਟੀਕਾਕਰਨ ਡਾ. ਬਲਵਿੰਦਰ ਕੌਰ, ਜ਼ਿਲਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰ ਸ਼ਾਮਿਲ ਸਨ।