ਪਟਿਆਲਾ : ਮੌਜੂਦਾ ਹਾੜੀ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਨਿਰਧਾਰਤ ਟੀਚੇ ਦੀ 74 ਫ਼ੀਸਦੀ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਮੰਡੀਆਂ 'ਚ ਪੁੱਜੀ 96 ਫ਼ੀਸਦੀ ਕਣਕ ਦੀ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦ ਕਰ ਲਈ ਗਈ ਹੈ ਤੇ ਕਿਸਾਨਾਂ ਨੂੰ 284.74 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਉਨ੍ਹਾਂ ਦੇ ਖਾਤਿਆਂ 'ਚ ਵੀ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ 10 ਅਪ੍ਰੈਲ ਤੋਂ ਸ਼ੁਰੂ ਹੋਈ ਸਰਕਾਰੀ ਖ਼ਰੀਦ ਦੇ 10 ਦਿਨਾਂ ਦੇ ਅੰਦਰ ਅੰਦਰ ਹੀ ਜ਼ਿਲ੍ਹੇ ਦੇ ਨਿਰਧਾਰਤ ਟੀਚੇ (8 ਲੱਖ 35 ਹਜ਼ਾਰ ਮੀਟਰਿਕ ਟਨ) ਦੀ 74 ਫ਼ੀਸਦੀ ਕਣਕ ਮੰਡੀਆਂ 'ਚ ਆ ਚੁੱਕੀ ਹੈ ਅਤੇ ਖ਼ਰੀਦ ਏਜੰਸੀਆਂ ਵੱਲੋਂ ਵੀ ਨਾਲੋਂ ਨਾਲ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਮੰਡੀਆਂ 'ਚ ਆਈ 96 ਫ਼ੀਸਦੀ ਕਣਕ ਖ਼ਰੀਦੀ ਵੀ ਜਾ ਚੁੱਕੀ ਹੈ।
ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੀ ਅਦਾਇਗੀ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ ਅਤੇ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ 284.74 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਉਨ੍ਹਾਂ ਦੇ ਖਾਤਿਆਂ 'ਚ ਵੀ ਕਰ ਦਿੱਤੀ ਗਈ ਅਤੇ ਇਸ ਕੰਮ 'ਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ।
ਕਣਕ ਦੀ ਹੋਈ ਅਦਾਇਗੀ ਸਬੰਧੀ ਆਪਣੇ ਵਿਚਾਰ ਦਿੰਦਿਆ ਪਟਿਆਲਾ ਜ਼ਿਲ੍ਹੇ ਦੇ ਪਿੰਡ ਪੈਦ ਦੇ ਕਿਸਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ 14 ਅਪ੍ਰੈਲ ਨੂੰ ਖ਼ਰੀਦ ਹੋਈ ਸੀ ਅਤੇ 17 ਅਪ੍ਰੈਲ ਨੂੰ ਬਿਨ੍ਹਾਂ ਕਿਸੇ ਮੁਸ਼ਕਲ ਦੇ 1 ਲੱਖ 54 ਹਜ਼ਾਰ ਰੁਪਏ ਉਨ੍ਹਾਂ ਦੇ ਖਾਤੇ 'ਚ ਆ ਗਏ ਹਨ। ਇਸੇ ਤਰਾਂ ਪਿੰਡ ਬੱਤਾ ਦੇ ਕਿਸਾਨ ਸੁਖਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਕਣਕ ਦੀ 2 ਲੱਖ 51 ਹਜ਼ਾਰ ਰੁਪਏ ਦੀ ਅਦਾਇਗੀ ਸਿੱਧੇ ਉਨ੍ਹਾਂ ਦੇ ਖਾਤੇ 'ਚ ਆ ਚੁੱਕੀ ਹੈ।
ਪਿੰਡ ਬੋਸਰਕਲਾਂ ਦੇ ਕਿਸਾਨ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ ਖ਼ਰੀਦ 14 ਅਪ੍ਰੈਲ ਨੂੰ ਹੋਈ ਸੀ ਅਤੇ ਤਿੰਨ ਦਿਨ ਦੇ ਅੰਦਰ 2 ਲੱਖ 5 ਹਜ਼ਾਰ ਰੁਪਏ ਉਨ੍ਹਾਂ ਦੇ ਬੈਂਕ ਖਾਤੇ 'ਚ ਆ ਗਏ। ਇਸ ਤੋਂ ਇਲਾਵਾ ਹੋਰਨਾਂ ਕਿਸਾਨਾਂ ਨੇ ਵੀ ਆਪਣੇ ਖਾਤੇ 'ਚ ਆਈ ਅਦਾਇਗੀ 'ਤੇ ਸੰਤੁਸ਼ਟੀ ਜਾਹਰ ਕਰਦਿਆ ਕਿਹਾ ਕਿ ਬੈਂਕ ਖਾਤਿਆਂ 'ਚ ਕਣਕ ਦੀ ਅਦਾਇਗੀ ਸਮੇਂ ਸਿਰ ਹੋ ਰਹੀ ਹੈ ਅਤੇ ਅਦਾਇਗੀ ਪਾਸੋਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।