ਨਵੀਂ ਦਿੱਲੀ : ਪੰਜਾਬ ਦੇ ਕਾਂਗਰਸੀਆਂ ਦਾ ਕਲੇਸ਼ ਹਾਲ ਦੀ ਘੜੀ ਖ਼ਤਮ ਨਹੀਂ ਹੋ ਰਿਹਾ ਪਰ ਹਾਈ ਕਮਾਂਡ ਇਸੇ ਕੋਸਿ਼ਸ਼ ਵਿਚ ਲੱਗੀ ਹੋਈ ਹੈ ਕਿ ਕਿਸੇ ਤਰ੍ਹਾਂ ਇਹ ਝਗੜਾ ਖ਼ਤਮ ਕੀਤਾ ਜਾਵੇ। ਹੁਣ ਤਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਦਿੱਲੀ ਪਹੁੰਚ ਹੀ ਗਈ ਹੈ ਅਤੇ ਅਗਲੇ ਦਿਨਾਂ ਤੱਕ ਕਾਂਗਰਸ ਦੇ ਰਕਾਬ ਗੰਜ ਰੋਡ ਉੱਤੇ ਬਣੇ 15 ਨੰਬਰ ਬੰਗਲੇ ਵਿਚ ਕਾਂਗਰਸ ਹਾਈ ਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ। ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਚੱਲ ਰਹੀ ਹੈ ਅਤੇ ਹੁਣ ਸਥਿਤੀ ਨੂੰ ਸੰਭਾਲਣ ਲਈ ਕਾਂਗਰਸ ਹਾਈ ਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਪਿਛਲੇ ਦਿਨੀਂ ਬਣਾਈ ਹੈ। ਕਮੇਟੀ ਦੇ ਚੇਅਰਮੈਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਹਨ, ਜਦ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਜੇ ਪੀ ਅਗਰਵਾਲ ਇਸ ਦੇ ਮੈਂਬਰ ਹਨ। ਇਹ ਕਮੇਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਹੋਰਨਾਂ ਕਾਂਗਰਸੀ ਆਗੂਆਂ ਨਾਲ ਇੱਕ-ਇੱਕ ਕਰ ਕੇ ਗੱਲਬਾਤ ਕਰ ਰਹੀ ਹੈ। ਕਾਂਗਰਸ ਹਾਈ ਕਮਾਂਡ ਦੀ ਇਹ ਕਮੇਟੀ ਤਿੰਨ ਦਿਨ ਕਾਂਗਰਸ ਆਗੂਆਂ ਨਾਲ ਗੱਲਬਾਤ ਕਰੇਗੀ, ਗੱਲਬਾਤ ਲਈ ਖ਼ਾਸ ਫ਼ਾਰਮੂਲਾ ਤਿਆਰ ਕੀਤਾ ਗਿਆ ਹੈ। ਹਰ ਰੋਜ਼ ਇਹ ਕਮੇਟੀ 25 ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨੂੰ ਮਿਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਗਲੇ ਦਿਨਾਂ ਵਿੱਚ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਕੈਬਨਿਟ ਮੰਤਰੀਆਂ ਵਿੱਚ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਓ ਪੀ ਸੋਨੀ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ, ਅਰੁਣਾ ਚੌਧਰੀ, ਸੁਖਜਿੰਦਰ ਰੰਧਾਵਾ, ਬਲਬੀਰ ਸਿੰਘ ਸਿੱਧੂ, ਸਪੀਕਰ ਰਾਣਾ ਕੇਪੀ ਸਿੰਘ, ਰਾਣਾ ਗੁਰਜੀਤ, ਰਣਦੀਪ ਸਿੰਘ ਨਾਭਾ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ, ਕੁਲਜੀਤ ਨਾਗਰਾ, ਪਵਨ ਆਦੀਆ, ਰਾਜਕੁਮਾਰ ਵੇਰਕਾ, ਇੰਦਰਬੀਰ ਬੁਲਾਰੀਆ, ਸੁਖਵਿੰਦਰ ਡੈਨੀ, ਸੁਰਜੀਤ ਧੀਮਾਨ, ਅਜੈਬ ਭੱਟੀ, ਅਮਰਿੰਦਰ ਰਾਜਾ ਵੜਿੰਗ, ਅੰਗਦ ਸਿੰਘ, ਸੁਖਪਾਲ ਭੁੱਲਰ, ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ ਆਦਿ ਕਮੇਟੀ ਸਾਹਮਣੇ ਵਰੋ-ਵਾਰੀ ਪੇਸ਼ ਹੋ ਰਹੇ ਹਨ।