ਚੰਡੀਗੜ੍ਹ : Punjab Congress ਦੇ ਕਲੇਸ਼ ਦਰਮਿਆਨ ਪਿਛਲੇ ਦਿਨੀਂ ਲਗਭਗ 80 ਕਾਂਗਰਸੀ ਵਿਧਾਇਕਾਂ ਤੇ ਐੱਮ. ਪੀਜ਼ ਵਲੋਂ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕੀਤੀ ਗਈ। ਸੂਤਰਾਂ ਮੁਤਾਬਕ ਤਿੰਨ ਮੈਂਬਰੀ ਕਮੇਟੀ ਅਗਲੇ 1-2 ਦਿਨਾਂ ਤਕ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪ ਸਕਦੀ ਹੈ ਅਤੇ ਇਸ ਰਿਪੋਰਟ ਦੇ ਸੌਂਪੇ ਜਾਣ ਤੋਂ ਪਹਿਲਾਂ ਹੀ ਪੰਜਾਬ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਤਿੰਨ ਸਾਂਸਦਾਂ ਵਲੋਂ ਅੱਜ ਯਾਨੀ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਨ੍ਹਾਂ ਵਿਚ ਐੱਮ. ਪੀ. ਰਵਨੀਤ ਸਿੰਘ ਬਿੱਟੂ, ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਐੱਮ. ਪੀ. ਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਸਨ। ਸੂਤਰਾਂ ਅਨੁਸਾਰ ਬੇਅਦਬੀ ਮਾਮਲੇ ਸਬੰਧੀ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲੋਂ ਗ੍ਰਹਿ ਵਿਭਾਗ ਨਹੀਂ ਸੰਭਾਲਿਆ ਜਾਂਦਾ ਤਾਂ ਉਨ੍ਹਾਂ ਇਸ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ, ਦੂਜੇ ਪਾਸੇ ਗੁਰਜੀਤ ਔਜਲਾ ਦੇ ਤੇਵਰ ਵੀ ਕੁੱਝ ਤਲਖ ਹੀ ਨਜ਼ਰ ਆਏ ਸਨ।
ਇਸ ਤੋਂ ਇਲਾਵਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਦਸਿਆ ਕਿ ਇਹ ਮੀਟਿੰਗ ਆਉਣ ਵਾਲੀਆਂ ਚੋਣਾਂ ਸਬੰਧੀ ਕੀਤੀ ਗਈ ਹੈ। ਡਿੰਪਾ ਨੇ ਕਿਹਾ ਕਿ ਸਾਥੀ ਸੰਸਦ ਮੈਂਬਰਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ, ਜਿਸ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਬਾਰੇ ਚਰਚਾ ਕੀਤੀ ਗਈ ਹੈ ਅਤੇ ਲੋਕ ਸਭਾ ਦੇ ਆਉਣ ਵਾਲੇ ਇਜਲਾਸ ਵਿਚ ਪੰਜਾਬ ਸੂਬੇ ਦੇ ਨਾਲ-ਨਾਲ ਕਿਸਾਨਾਂ ਦੇ ਮੁੱਦੇ ਅਤੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਭਾਰਤ ਸਰਕਾਰ ਦੀ ਅਸਫਲਤਾ ਨੂੰ ਪੁਰ ਜ਼ੋਰ ਤਰੀਕੇ ਨਾਲ ਚੁੱਕਣ ਦੀ ਗੱਲ਼ ਹੋਈ ਹੈ।