ਮਾਨਸਾ : ਗੌਰਮਿੰਟ ਡੀ.ਪੀ.ਐਡ./ਐਮ.ਪੀ.ਐਡ. ਅਧਿਆਪਕ ਯੂਨੀਅਨ ਨੇ ਇਕੱਤਰਤਾ ਕਰਕੇ ਆਪਣੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਅਤੇ ਕੈਬਨਿਟ ਮੰਤਰੀ ਡਾ. ਵਿਜੇ ਕੁਮਾਰ ਸਿੰਗਲਾ ਨੂੰ ਮ਼ੰਗ ਪੱਤਰ ਦਿੱਤਾ। ਯੂਨੀਅਨ ਦੇ ਆਗੂ ਸਿਕੰਦਰ ਸਿੰਘ ਮਾਨਸਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਰੀਰਕ ਸਿੱਖਿਆ ਵਿਸ਼ੇ ਦਾ ਵੱਡਾ ਘਾਣ ਹੋਇਆ ਹੈ, ਜਿਸ ਦੇ ਚਲਦੇ ਸਰੀਰਕ ਸਿੱਖਿਆ ਵਿਸ਼ੇ ਨੂੰ ਜ਼ਰੂਰੀ ਵਿਸ਼ੇ ਤੋਂ ਆਪਸ਼ਨਲ ਵਿਸ਼ਾ ਬਣਾ ਦਿੱਤਾ ਗਿਆ ਹੈ ਤੇ ਪੀਰੀਅਡਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ। ਉਹਨਾਂ ਨੇ ਮੰਗ ਕੀਤੀ ਕਿ ਸਰੀਰਕ ਸਿੱਖਿਆ ਵਿਸ਼ੇ ਦੇ ਪੀਰੀਅਡਾਂ ਦੀ ਗਿਣਤੀ ਵਧਾ ਕੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕੀਤਾ ਜਾਵੇ। ਯੂਨੀਅਨ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਆਪਣੇ ਘਰਾਂ ਤੋਂ ਦੂਰ ਕੰਮ ਕਰਦੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਆਪਣੇ ਪਿੱਤਰੀ ਜਿਲ੍ਹੇ ਵਿੱਚ ਵਾਪਸ ਲਿਆਉਣ ਲਈ ਬਦਲੀਆਂ ਦਾ ਮੌਕਾ ਦਿੱਤਾ ਜਾਵੇ ਅਤੇ ਬਦਲੀ ਅਪਲਾਈ ਕਰਨ ਮੌਕੇ ਜਿਲ੍ਹੇ ਦੇ ਸਾਰੇ ਖਾਲੀ ਸਟੇਸ਼ਨ ਪੋਰਟਲ ਉੱਤੇ ਖੋਲ੍ਹੇ ਜਾਣ।
ਯੂਨੀਅਨ ਦੇ ਆਗੂ ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੇ ਮਸਲੇ ਹੱਲ ਕਰਵਾਉਣ ਲਈ ਹਲਕਾ ਮਾਨਸਾ ਦੇ ਵਿਧਾਇਕ ਤੇ ਸਿਹਤ ਮੰਤਰੀ ਡਾ. ਵਿਜੈ ਕੁਮਾਰ ਸਿੰਗਲਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਡਾ. ਸਿੰਗਲਾ ਨੇ ਯੂਨੀਅਨ ਦੀਆਂ ਸਮੱਸਿਆਵਾਂ ਨੂੰ ਛੇਤੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਮੌਕੇ ‘ਤੇ ਹੀ ਸਿੱਖਿਆ ਮੰਤਰੀ ਨਾਲ ਫੋਨ ‘ਤੇ ਇਹਨਾਂ ਸਮੱਸਿਆਵਾਂ ਸਬੰਧੀ ਗੱਲਬਾਤ ਵੀ ਕੀਤੀ ਹੈ। ਇਸ ਮੌਕੇ ਗੁਰਜੀਤ ਸਿੰਘ ਝੱਬਰ, ਗੁਰਦੀਪ ਸਿੰਘ ਬੁਰਜਹਰੀ, ਨਛੱਤਰ ਸਿੰਘ, ਕਿਰਨਪਾਲ ਸਿੰਘ, ਬਾਬੂ ਸਿੰਘ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਕਮਲਦੀਪ ਸਿੰਘ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ ਮੌਜੂਦ ਸਨ।