ਫ਼ਿਰੋਜ਼ਪੁਰ : ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ,ਉੱਚ ਕੋਟੀ ਦੇ ਸਾਹਿਤਕਾਰ,ਆਹਲਾ ਦਰਜੇ ਦੇ ਸਮਾਜ ਸੁਧਾਰਕ ਵਿਦਵਾਨ, ਸਟੇਜ ਅਤੇ ਕਲਮ ਦੇ ਧਨੀ,ਪਛੜੇ ਵਰਗ ਦੇ ਲੋਕਾਂ ਦੇ ਹਮਦਰਦ,ਬੇਨਜ਼ੀਰ ਪੱਤਰਕਾਰ,ਸਫਲ ਕਿੱਸਾਕਾਰ,ਆਧੁਨਿਕ ਵਾਰਤਕ ਤੇ ਸਿੰਘ ਸਭਾ ਲਹਿਰ ਦੇ ਮੋਢੀ ਪੰਥ-ਰਤਨ ਗਿਆਨੀ ਦਿੱਤ ਸਿੰਘ ਦਾ ਜਨਮ ਪਿਤਾ ਭਾਈ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਵਿਖੇ 21 ਅਪ੍ਰੈਲ 1850 ਨੂੰ ਰਾਮਦਾਸੀਆ ਬਿਰਾਦਰੀ ਵਿੱਚ ਹੋਇਆ।
ਗ਼ਰੀਬ ਪਰਿਵਾਰ ਸੀ। ਪਿਤਾ ਘਰ ਦੀ ਖੱਡੀ ’ਤੇ ਕੱਪੜਾ ਬੁਣਦੇ ਸਨ। ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ। ਪਰ ਗਿਆਨੀ ਦਿੱਤ ਸਿੰਘ ਬਚਪਨ ਤੋਂ ਹੀ ਇੱਕ ਫੱਕਰ, ਦਰਵੇਸ਼ ਤੇ ਜਗਿਆਸੂ ਬਿਰਤੀ ਦੇ ਮਾਲਕ ਸਨ। ਉਦੋਂ ਇਨ੍ਹਾਂ ਦੀ ਉਮਰ ਮਸਾ ਨੌਂ ਦਸ ਸਾਲ ਦੀ ਸੀ। ਫੱਕਰ ਬਿਰਤੀ ਵਾਲੇ ਇਨ੍ਹਾਂ ਦੇ ਪਿਤਾ ਨੇ ਇੱਕ ਟਕੋਰ ਲਾਈ ਤੇ ਆਖਿਆ,
“ਇਹ ਵਿਸ਼ਾਲ ਬ੍ਰਹਿਮੰਡ ਤੇਰਾ ਹੈ। ਬਾਹਾਂ ਅੱਡੀ ਤੇਰੀ ਉਡੀਕ ਵਿੱਚ ਹੈ। ਇਸ ਨੂੰ ਖੋਜਣਾ, ਪੜਤਾਲਣਾ ਤੇ ਜੀਵਨ ਵਿੱਚ ਅੱਗੇ ਵਧਣ ਲਈ ਯਤਨ ਕਰਨਾ ਤੇਰਾ ਕੰਮ ਹੈ।” ਇਸ ’ਤੇ ਨੌਂ ਦਸ ਸਾਲ ਦਾ ਬਾਲਕ ਘਰੋਂ ਚਲਾ ਗਿਆ। ਖਰੜ ਦੇ ਨੇੜੇ ਗੁਲਾਬਦਾਸੀਆਂ ਦੇ ਡੇਰੇ ਸੰਤ ਗੁਰਬਖਸ਼ ਸਿੰਘ ਦੇ ਲੜ ਜਾ ਲੱਗਾ। ਇੱਥੇ ਇਸ ਨੇ ਗੁਰਬਾਣੀ ਦੀ ਸੰਥਿਆ ਲਈ। ਫਿਰ ਇਸ ਨੇ ਥਾਂ-ਥਾਂ ਤੋਂ ਫਿਰ ਕੇ ਬੜੀ ਮਿਹਨਤ ਨਾਲ ਵਿੱਦਿਆ ਦੇ ਮੋਤੀ ਇਕੱਠੇ ਕੀਤੇ। ਅਧਿਐਨਸ਼ੀਲ ਬਿਰਤੀ ਦੇ ਮਾਲਕ ਗਿਆਨੀ ਦਿੱਤ ਸਿੰਘ ਨੇ ਵੱਖ-ਵੱਖ ਨਿਰਮਲੇ ਸਾਧੂਆਂ ਤੇ ਪੰਡਤਾਂ ਪਾਸੋਂ ਬ੍ਰਹਮ ਵਿਦਿਆਦੇਵ ਬਾਣੀ ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਹਿੰਦੀ ਦਾ ਗਿਆਨ ਹਾਸਲ ਕੀਤਾ। ਮੁਨਸ਼ੀ ਸਯੱਦ ਪਾਸੋਂ ਉਰਦੂ, ਫਾਰਸੀ ਤੇ ਅਰਬੀ ਭਾਸ਼ਾ ਦੀ ਵਿੱਦਿਆ ਲਈ। ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਦਾ, ਇਤਿਹਾਸ ਤੇ ਮਿਥਹਾਸ ਦਾ, ਭਾਰਤੀ ਦਰਸ਼ਨ ਸ਼ਾਸਤਰ, ਪਿੰਗਲ, ਵਿਆਕਰਣ, ਵੇਦਾਂਤ ਤੇ ਨੀਤੀ ਗ੍ਰੰਥਾਂ ਦਾ ਅਧਿਐਨ ਕੀਤਾ। ਪੰਜ ਗ੍ਰੰਥੀ, ਦਸਮ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ। ਆਪ ਜੀ ਆਪਣੇ ਸਮੇਂ ਦੇ ਬਹੁ-ਪੱਖੀ ਵਿਦਵਤਾ, ਪ੍ਰਤਿਭਾ ਦੇ ਮਾਲਕ, ਨੀਤੀਵੇਤਾ, ਪੰਡਤ ਤੇ ਆਲਮ ਫਾਜ਼ਲ ਮੰਨੇ ਜਾਂਦੇ ਸਨ।
‘ਸੰਤ ਦਿੱਤਾ ਰਾਮ’, ‘ਕਵਿ ਦਿੱਤ ਹਰੀ’, ‘ਦਿੱਤ ਹਰੀ’, ‘ਹਰਿ ਦਿੱਤ’, ‘ਦਿੱਤ ਮ੍ਰਿਗਿੰਦ’, ‘ਭਾਈ ਦਿੱਤ ਸਿੰਘ ਗਿਆਨੀ’ ਤੇ ‘ਗਿਆਨੀ ਦਿੱਤ ਸਿੰਘ’ ਨਾਂ ਉਸ ਦੀ ਕਰਤਾਰੀ ਜੀਵਨ-ਯਾਤਰਾ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੇ ਹਨ।
ਆਪ ਦਾ ਵਿਆਹ 1872 ਵਿਚ ਸੰਤ ਭਾਗ ਸਿੰਘ ਦੀ ਲੜਕੀ ਬਿਸ਼ਨ ਦੇਵੀ ਨਾਲ ਹੋਇਆ।ਵਿਆਹ ਤੋਂ ਬਾਅਦ ਉਹ ਲਾਹੌਰ ਚਲੇ ਗਏ ਜਿਥੇ ਉਨ੍ਹਾਂ ਨੇ ਸੰਤ ਦੇਸਾ ਸਿੰਘ ਜੀ ਪਾਸੋਂ ਰੱਜ ਕੇ ਵਿਦਿਆ ਪ੍ਰਾਪਤ ਕੀਤੀ।
ਉਸ ਤੋਂ ਬਾਅਦ ਉਹ ਭਾਈ ਜਵਾਹਰ ਸਿੰਘ ਤੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫ਼ੈਸਰ ਗੁਰਮੁਖ ਸਿੰਘ ਜੀ ਦੇ ਸੰਪਰਕ ਵਿਚ ਆਏ ਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਅੰਮ੍ਰਿਤ ਛੱਕ ਕੇ ਦਿਤਾ ਰਾਮ ਤੋਂ ਦਿੱਤ ਸਿੰਘ ਬਣ ਗਏ। ਇਥੇ ਰਹਿ ਕੇ ਉਨ੍ਹਾਂ ਨੇ ਪੰਜਾਬ ਯੂਨੀਵਰਸਟੀ ਲਾਹੌਰ ਤੋਂ ਗਿਆਨੀ ਪਾਸ ਕਰ ਲਈ। ਗਿਆਨੀ ਪਾਸ ਕਰਨ ਮਗਰੋਂ ਓਰੀਐਂਟਲ ਕਾਲਜ ਲਾਹੌਰ ਵਿਚ ਲੱਗ ਕੇ ਦੁਨੀਆਂ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ ਹੋਣ ਦਾ ਵੱਡਾ ਮਾਣ ਪ੍ਰਾਪਤ ਕੀਤਾ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਭਾਵ 1839 ਈਸਵੀ ਤਕ ਸਿੱਖਾਂ ਦੀ ਅਬਾਦੀ ਇਕ ਕਰੋੜ ਤੋਂ ਉਪਰ ਸੀ ਪਰ 1861 ਦੀ ਮਰਦਮਸ਼ੁਮਾਰੀ ਵੇਲੇ ਸਿੱਖਾਂ ਦੀ ਅਬਾਦੀ ਸਿਰਫ਼ 20 ਲੱਖ ਦੇ ਕਰੀਬ ਰਹਿ ਗਈ ਕਿਉਂਕਿ ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ਾ ਕਰਨ ਮਗਰੋਂ ਈਸਾਈ ਮੱਤ ਨੂੰ ਏਨਾ ਪ੍ਰਫੁੱਲਤ ਕੀਤਾ ਕਿ ਵੱਡੇ-ਵੱਡੇ ਘਰਾਣਿਆਂ ਦੇ ਮੁੰਡੇ ਵੀ ਈਸਾਈ ਬਣਨੇ ਸ਼ੁਰੂ ਹੋ ਗਏ।
ਈਸਾਈ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ 1 ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ ਜਿਸ ਵਿਚ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਪ੍ਰਧਾਨ, ਪ੍ਰੋਫ਼ੈਸਰ ਗੁਰਮੁਖ ਸਿੰਘ ਨੂੰ ਸਕੱਤਰ ਤੇ ਗਿਆਨੀ ਦਿੱਤ ਸਿੰਘ ਨੂੰ ਦਫ਼ਤਰੀ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਇਸ ਦੇ ਨਾਲ ਹੀ ਭਾਈ ਜਵਾਹਰ ਸਿੰਘ ਤੇ ਭਾਈ ਮਇਆ ਸਿੰਘ ਨੂੰ ਇਸ ਸਭਾ ਦਾ ਮੈਂਬਰ ਲਿਆ ਗਿਆ।
ਪਰ ਕੁੱਝ ਸਾਲਾਂ ਬਾਅਦ ਹੀ ਇਹ ਸਭਾ ਅਪਣੇ ਨਿਸ਼ਾਨੇ ਤੋਂ ਪਰ੍ਹਾਂ ਹਟਣ ਲੱਗੀ। ਕਾਰਨ ਇਹ ਸੀ ਕਿ ਬਾਬਾ ਖੇਮ ਸਿੰਘ ਬੇਦੀ ਜੋ ਇਸ ਸਭਾ ਦਾ ਸਰਪ੍ਰਸਤ ਸੀ ਆਪ ਸਿੱਖੀ ਮਰਿਆਦਾ ਤੋਂ ਪਿੱਛੇ ਹਟਣ ਲੱਗ ਪਿਆ। ਉਹ ਕ੍ਰਿਪਾਨ ਦੇ ਨਾਲ-ਨਾਲ ਜਨੇਊ ਵੀ ਪਹਿਨ ਕੇ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਣ ਲੱਗ ਪਿਆ ਸੀ ਤੇ ਉਸ ਨੇ ਦਰਬਾਰ ਸਾਹਿਬ ਵਿਚ ਵੀ ਮੂਰਤੀਆਂ ਸਥਾਪਤ ਕਰ ਦਿਤੀਆਂ ਜਿਸ ਕਾਰਨ ਹਾਲਤ ਵਿਗੜਦੇ ਗਏ।
ਗਿਆਨੀ ਦਿੱਤ ਸਿੰਘ ਜੀ ਏਨੇ ਦ੍ਰਿੜ ਇਰਾਦੇ ਤੇ ਹੌਸਲੇ ਵਾਲੇ ਇਨਸਾਨ ਸਨ ਕਿ ਜਦੋਂ ਬਾਬਾ ਖੇਮ ਸਿੰਘ ਬੇਦੀ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣ ਅਤੇ ਮੂਰਤੀ ਪੂਜਾ ਕਰਨ ਤੋਂ ਨਾ ਹਟੇ ਤਾਂ ਇਨ੍ਹਾਂ ਨੇ ਸਾਥੀਆਂ ਨਾਲ ਮਿਲ ਕੇ ਉਸ ਦਾ ਬੋਰੀਆ ਬਿਸਤਰਾ ਚੁੱਕ ਕੇ ਬਾਹਰ ਸੁੱਟ ਦਿਤਾ ਤੇ ਮੂਰਤੀਆਂ ਦੀ ਭੰਨ੍ਹ ਤੋੜ ਕਰ ਕੇ ਬਾਹਰ ਵਗਾਹ ਮਾਰੀਆਂ।
ਦੂਜੇ ਪਾਸੇ ਇਨ੍ਹਾਂ ਵਿਚ ਏਨੀ ਸਹਿਣਸ਼ੀਲਤਾ ਸੀ ਕਿ ਜਦੋਂ ਇਹ ਹਰ ਸੰਗਰਾਂਦ ਨੂੰ ਫ਼ਿਰੋਜ਼ਪੁਰ ਵਿਖੇ ਅਕਾਲਗੜ੍ਹ ਸਾਹਿਬ ਦੇ ਗੁਰਦਵਾਰੇ ਵਿਚ ਭਾਸ਼ਣ ਦੇਣ ਜਾਂਦੇ ਸਨ ਤਾਂ ਉਦੋਂ ਇਹ ਇਕ ਉੱਚੇ ਥੜੇ ਉਤੇ ਚੜ੍ਹ ਕੇ ਭਾਸ਼ਣ ਦਿੰਦੇ ਸਨ ਤੇ ਲੋਕੀ ਸੈਂਕੜਿਆਂ ਦੀ ਗਿਣਤੀ ਵਿਚ ਇਨ੍ਹਾਂ ਦਾ ਭਾਸ਼ਣ ਸੁਣਨ ਲਈ ਇਕੱਠੇ ਹੋ ਜਾਂਦੇ ਸਨ ਪਰ ਜਦੋਂ ਗ੍ਰੰਥੀ ਸਿੰਘ ਵਲੋਂ ਸੰਗਤਾਂ ਨੂੰ ਕੜਾਹ ਵਰਤਾਇਆ ਜਾਂਦਾ ਸੀ ਤਾਂ ਗਿਆਨੀ ਜੀ ਨੂੰ ਜੋੜਿਆਂ ਵਿਚ ਬਿਠਾ ਕੇ ਉਪਰੋਂ ਪ੍ਰਸ਼ਾਦਿ ਸੁੱਟ ਕੇ ਦਿਤਾ ਜਾਂਦਾ ਸੀ ਤੇ ਗਿਆਨੀ ਜੀ ਇਸ ਨੂੰ ਵਾਹਿਗੁਰੂ ਜੀ ਦਾ ਸ਼ੁਕਰ ਕਰ ਕੇ ਖਾ ਲੈਂਦੇ ਸਨ ਪਰ ਉਨ੍ਹਾਂ ਨੇ ਕਦੇ ਵੀ ਇਸ ਬਾਰੇ ਮੱਥੇ ਵੱਟ ਨਹੀਂ ਸੀ ਪਾਇਆ ਤੇ ਅਪਣੀ ਮੰਜ਼ਿਲ ਵਲ ਵਧਦੇ ਗਏ।
ਕੁਝ ਸਮੇਂ ਬਾਅਦ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਦੇ ਯਤਨ ਸਦਕਾ 2 ਨਵੰਬਰ 1879 ਨੂੰ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ ਗਈ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਤੇ ਸਕੱਤਰ ਗੁਰਮੁਖ ਸਿੰਘ ਨੂੰ ਬਣਾਇਆ ਗਿਆ। ਸ੍ਰੀ ਗੁਰੂ ਸਿੰਘ ਸਭਾ ਲਾਹੌਰ ਨੇ ਸਿੱਖੀ ਦੇ ਪ੍ਰਸਾਰ ਲਈ ਬਹੁਤ ਸਾਰੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਤੇ ਲਾਹੌਰ ਤੋਂ ਖ਼ਾਲਸਾ ਅਖ਼ਬਾਰ ਗਿਆਨੀ ਜੀ ਦੀ ਸੰਪਾਦਨਾ ਹੇਠ ਛਪਣ ਲੱਗਾ। ਇਸ ਸਮੇਂ ਗਿਆਨੀ ਜੀ ਨੇ ਮੜ੍ਹੀ ਮਸਾਣਾਂ, ਥਿੱਤਾਂ-ਵਰਤਾਂ ਤੇ ਹੋਰ ਸਮਾਜਿਕ ਕੁਰੀਤੀਆਂ ਵਿਰੁਧ ਜਬਰਦਸਤ ਪ੍ਰਚਾਰ ਕੀਤਾ ਜਿਸ ਨਾਲ ਲੋਕੀ ਝੂਠੇ ਕਰਮ-ਕਾਂਡਾਂ ਨੂੰ ਛੱਡ ਕੇ ਸਿੱਖੀ ਧਾਰਨ ਕਰਨ ਲੱਗ ਪਏ।
ਗਿਆਨੀ ਦਿੱਤ ਸਿੰਘ ਦੀ ਗੱਲ ਕਰਦਿਆਂ ਆਰੀਆਂ ਸਮਾਜ ਦੇ ਮੋਢੀ ਸਵਾਮੀ ਦਇਆਨੰਦ ਨਾਲ਼ ਕੀਤੀਆਂ ਉਹਨਾਂ ਦੀਆਂ ਤਿੰਨ ਚਰਚਾਵਾਂ ਦਾ ਪੱਖ ਵੀ ਇੱਥੇ ਜਾਣਨਾ ਬਹੁਤ ਜ਼ਰੂਰੀ ਹੈ।
ਆਰੀਆ ਸਮਾਜ ਦੀ ਨੀਂਹ ਸਵਾਮੀ ਦਇਆ ਨੰਦ ਵੱਲੋਂ 10 ਅਪਰੈਲ 1875 ਨੂੰ ਬੰਬਈ ਵਿਖੇ ਰੱਖੀ ਗਈ ਤੇ ਉਹ 1877 ਵਿੱਚ ਇਸ ਦੇ ਪ੍ਰਚਾਰ ਲਈ ਪੰਜਾਬ ਆਏ। ਇਸ ਫੇਰੀ ਦੌਰਾਨ ਗਿਆਨੀ ਜੀ ਨੇ ਤਿੰਨ ਵਾਰੀ ਤਿੰਨ ਵੱਖ-ਵੱਖ ਵਿਸ਼ਿਆਂ ’ਤੇ ਸਵਾਮੀ ਦਇਆ ਨੰਦ ਨਾਲ ਬਹਿਸਾਂ ਕੀਤੀਆਂ ਤੇ ਤਿੰਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।
ਪਹਿਲੀ ਬਹਿਸ "ਜਗਤ ਦਾ ਕਰਤਾ ਕੌਣ ਹੈ?" 19 ਅਪਰੈਲ 1877 ਨੂੰ ਕੀਤੀ ਗਈ।
ਦੂਜੀ 24 ਤੋਂ 27 ਅਪਰੈਲ 1877 ਨੂੰ "ਵੇਦਾਂ ਦਾ ਕਰਤਾ ਈਸ਼ਵਰ ਨਹੀਂ" ਦੇ ਵਿਸ਼ੇ 'ਤੇ ਬਹਿਸ ਕੀਤੀ ਗਈ।
ਤੀਜੀ ਬਹਿਸ 24 ਤੋਂ 27 ਜੂਨ 1877 ਤੱਕ "ਮੁਕਤੀ ਦਾ ਸਰੂਪ ਕਿਆ ਹੈ" ਵਿਸ਼ੇ ’ਤੇ ਹੋਈ।
ਇਸ ਦੌਰਾਨ ਸਭ ਤੋਂ ਮਹਾਨ ਤੇ ਇਤਿਹਾਸਕ ਗੱਲ ਸਾਹਮਣੇ ਇਹ ਆਈ ਕਿ ਇਨ੍ਹਾਂ ਤਿੰਨਾਂ ਬਹਿਸਾਂ ਵਿੱਚ ਗਿਆਨੀ ਦਿੱਤ ਸਿੰਘ ਦੀਆਂ ਬਹੁ-ਪੱਖੀ ਤੇ ਵਿਦਵਤਾ ਭਰੀਆਂ ਦਲੀਲਾਂ ਅੱਗੇ ਸੁਆਮੀ ਜੀ ਟਿਕ ਨਾ ਸਕੇ, ਛਿੱਥੇ ਪੈ ਗਏ ਤੇ ਹਾਰ ਮੰਨਣੀ ਪਈ।ਆਖਿਆ ਜਾਂਦਾ ਹੈ ਕਿ ਇਸ ਹਾਰ ਪਿੱਛੋਂ ਸੁਆਮੀ ਦਇਆ ਨੰਦ ਨੂੰ ਮੁੜ ਪੰਜਾਬ ਵੱਲ ਮੂੰਹ ਕਰਨ ਦਾ ਹੀਆ ਨਹੀਂ ਪਿਆ। ਇਹਨਾਂ ਬਹਿਸਾਂ ਸੰਬੰਧੀ ਗਿਆਨੀ ਦਿੱਤ ਸਿੰਘ ਨੇ ਬਾਅਦ ਵਿੱਚ ਇਕ ਪੁਸਤਕ ਲਿਖੀ, ਜਿਸ ਦਾ ਨਾਂ ਹੈ ਕਿ ਮੇਰਾ ਤੇ ਸਾਧੂ ਦਯਾ ਨੰਦ ਦਾ ਸੰਵਾਦ। ਇਸ ਪੁਸਤਕ ਦੀ ਅੱਜ ਵੀ ਬਹੁਤ ਮੰਗ ਹੈ ਇਸ ਦਾ ਊਰਦੁ ਅਨੁਵਾਦ ਵੀ ਹੈ। ਇਹ ਵਿਸ਼ਵ ਪੱਧਰੀ ਪੁਸਤਕ ਬਣ ਚੁੱਕੀ ਹੈ। ਇਸੇ ਤਰ੍ਹਾਂ ਦੀ ਇੱਕ ਪੁਸਤਕ ਦੰਭ ਵਿਦਾਰਨ, ਜੋ ਸੁਆਮੀ ਦਯਾ ਦੀ ਪੁਸਤਕ ਦੀ ਅਲੋਚਨਾ ਦੇ ਤੌਰ ’ਤੇ ਲਿਖੀ ਗਈ ਹੈ। ਜੋ ਕਿ ਲਾਹੌਰ ਦੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਇਹ ਕਿਤਾਬਾਂ ਤੋਂ ਇਲਾਵਾ ਗੁੱਗਾ ਗਪੌੜਾ, ਮੀਰਾਂ ਮਨੋਤ, ਸੁਲਤਾਨ ਪੁਆੜਾ, ਨਕਲੀ ਸਿੱਖ ਪ੍ਰਬੋਧ, ਦੁਰਗਾ ਪ੍ਰਬੋਧ ਸਮੇਤ ਕੁਲ 72 ਪੁਸਤਕਾਂ ਦੀ ਰਚਨਾ ਕਰਨ ਦਾ ਮਾਣ ਗਿਆਨੀ ਦਿੱਤ ਸਿੰਘ ਦੇ ਹਿੱਸੇ ਹੀ ਆਇਆ ਹੈ।
ਗਿਆਨੀ ਦਿੱਤ ਸਿੰਘ 6 ਸਤੰਬਰ 1901 ਨੂੰ ਲਾਹੌਰ ਵਿਖੇ ਆਪਣੇ ਆਖਰੀ ਸਾਹ ਲੈਕੇ ਇਸ ਸੰਸਾਰ ਤੋਂ ਵਿਦਾਇਗੀ ਲੈ ਗਏ।
ਆਓ ਅੱਜ ਅਜਿਹੇ ਮਹਾਨ ਇਨਸਾਨ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਵੰਡੇ ਗਿਆਨ ਨੂੰ ਸੰਭਾਲਦਿਆਂ,ਉਸ ਤੇ ਅਮਲ ਕਰਦਿਆਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਗਿਆਨ ਤੇ ਸਵੈ-ਅਧਿਐਨ ਨਾਲ਼ ਜੋੜੀਏ।