ਕਿਸ਼ਤੀ ਡੁੱਬ ਜਾਣ ਕਾਰਨ ਹਾਦਸਾ
ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਵਿੱਚ ਕਿਸ਼ਤੀ ਡੁੱਬ ਜਾਣ ਕਾਰਨ ਹਾਦਸਾ ਵਾਪਰ ਗਿਆ। ਜਿਸਦੇ ਬਾਅਦ ਪਿੰਡ ਦੇ ਲੋਕਾਂ ਨੇ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਬਹੁਤ ਮਸ਼ੱਕਤ ਨਾਲ ਬਾਹਰ ਕੱਢਿਆ। ਇਸ ਹਾ.ਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ, ਪਰ ਕਿਸ਼ਤੀ ‘ਤੇ ਸਵਾਰ ਲੋਕਾਂ ਦਾ ਸਾਮਾਨ ਪਾਣੀ ਦੇ ਵਹਾਅ ਵਿੱਚ ਵਹਿ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਲਿਆਂ ਨੇ ਦੱਸਿਆ ਕਿ ਸੋਮਵਾਰ ਨੂੰ ਪਿੰਡ ਦੇ ਕੁਝ ਲੋਕ ਕਿਸ਼ਤੀ ‘ਤੇ ਚੜ੍ਹ ਕੇ ਸਤਲੁਜ ਪਾਰ ਕਰ ਦੂਜੇ ਕਿਨਾਰੇ ਜਾ ਰਹੇ ਸਨ। ਇਸ ਦੌਰਾਨ ਕਿਸ਼ਤੀ ਟੁੱਟੀ ਹੋਣ ਕਾਰਨ ਰਸਤੇ ਵਿੱਚ ਕਿਸ਼ਤੀ ਵਿੱਚ ਪਾਣੀ ਭਰਨ ਲੱਗ ਗਿਆ। ਜਿਸਦੇ ਬਾਅਦ ਹੌਲੀ-ਹੌਲੀ ਕਿਸ਼ਤੀ ਪਾਣੀ ਵਿੱਚ ਡੁੱਬ ਗਈ। ਇਸ ਦੌਰਾਨ ਕਿਸ਼ਤੀ ‘ਤੇ ਸਵਾਰ ਲੋਕਾਂ ਨੇ ਉੱਥੇ ਮੌਜੂਦ ਦਰੱਖਤਾਂ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾਈ ਤੇ ਕੁਝ ਲੋਕ ਦਰੱਖਤਾਂ ‘ਤੇ ਚੜ੍ਹ ਗਏ।
ਉੱਥੇ ਹੀ ਪਿੰਡ ਦੀ ਸਰਪੰਚ ਦੇ ਪਤੀ ਬੂੜ ਸਿੰਘ ਨੇ ਦੱਸਿਆ ਕਿ ਇਸ ਕਿਸ਼ਤੀ ਵਿੱਚ ਕੁੱਲ 10-12 ਲੋਕ ਸਵਾਰ ਸਨ। ਇਨ੍ਹਾਂ ਵਿੱਚ ਇੱਕ ਮਹਿਲਾ ਵੀ ਸੀ ਤੇ ਉਹ ਖੁਦ ਵੀ ਇਸ ਕਿਸ਼ਤੀ ‘ਤੇ ਚੜ੍ਹੇ ਹੋਏ ਸਨ। ਇਸ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਇੱਕ ਕਿੱਟ ਸੀ, ਜਿਸ ਵਿੱਚ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਦਾ ਰਿਕਾਰਡ ਸੀ। ਰਿਕਾਰਡ ਵਾਲੀ ਕਿੱਟ ਉਨ੍ਹਾਂ ਦੇ ਹੱਥੋਂ ਛੁੱਟ ਕੇ ਪਾਣੀ ਦੇ ਤੇਜ਼ ਬਹਾਅ ਵਿੱਚ ਵਹਿ ਗਈ।
ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਹੜ੍ਹ ਦੀ ਚਪੇਟ ਵਿੱਚ ਹਨ ਤਾਂ ਹਰ ਰੋਜ਼ ਕੋਈ ਨਾ ਕੋਈ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਕੇ ਸ਼ਹਿਰ ਆਪਣੇ ਕੰਮਕਾਜ ਆਉਂਦਾ ਹੈ ਤੇ ਅੱਜ ਇੱਕ ਮਹਿਲਾ ਸਣੇ 12 ਲੋਕ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਰਹੇ ਸਨ ਤਾਂ ਅਚਾਨਕ ਹੀ ਕਿਸ਼ਤੀ ਦੇ ਅੰਦਰ ਪਾਣੀ ਵੜ੍ਹ ਗਿਆ ਤੇ ਕਿਸ਼ਤੀ ਡੁੱਬ ਗਈ। ਉਨ੍ਹਾਂ ਨੇ ਦੱਸਿਆ ਕਿ ਕੁਝ ਲੋਕ ਤਾਂ ਤੈਰਨਾ ਜਾਣਦੇ ਸਨ ਤੇ ਕੁਝ ਦਰੱਖਤ ਨੂੰ ਫੜ੍ਹ ਕੇ ਉੱਤੇ ਚੜ੍ਹ ਗਏ, ਜਿਸਦੇ ਚੱਲਦਿਆਂ ਬਹੁਤ ਮੁਸ਼ਕਿਲ ਨਾਲ ਲੋਕਾਂ ਨੇ ਆਪਣੀ ਜਾਨ ਬਚਾਈ।