ਸੁਨਾਮ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਅਤੇ ਲੋਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਰਾਜ ਦੀਆਂ 17 ਯੂਨੀਵਰਸਿਟੀਆਂ ਨੇ ਵੱਖ-ਵੱਖ ਆਈਟਮਾਂ ਵਿੱਚ ਭਾਗ ਲਿਆ।ਫਾਈਨ ਆਰਟਸ ਵਿਭਾਗ ਦੇ ਮੁੱਖੀ ਪ੍ਰੋ.ਸੰਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਕਰਦੇ ਹੋਏ "ਸਟਿੱਲ ਲਾਈਫ" ਆਇਟਮ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਯੂਥ-ਕੋਆਰਡੀਨੇਟਰ ਪ੍ਰੋਫੈਸਰ ਰਾਜਵੀਰ ਕੌਰ ਨੇ ਦੱਸਿਆ ਕਿ ਪੰਜਾਬ ਦੀਆਂ 17 ਯੂਨੀਵਰਸਿਟੀਆਂ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੈਕਿੰਡ ਰਨਰ-ਅੱਪ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ। ਵਿਦਿਆਰਥੀ ਦਾ ਕਾਲਜ ਪਹੁੰਚਣ 'ਤੇ ਪ੍ਰਿੰਸੀਪਲ ਡਾਕਟਰ ਹਰਵਿੰਦਰ ਸਿੰਘ ਵੱਲੋਂ ਵਿਦਿਆਰਥੀ ਦਾ ਸਨਮਾਨ ਕੀਤਾ ਗਿਆ । ਪ੍ਰਿੰਸੀਪਲ ਹਰਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਪ੍ਰੋ.ਮੁਖਤਿਆਰ ਸਿੰਘ ਤੇ ਡਾਕਟਰ ਮਨਪ੍ਰੀਤ ਕੌਰ ਹਾਂਡਾ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।