ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ‘ਪਟਕਥਾ ਲੇਖਣ’ (ਸਕ੍ਰਿਪਟ ਰਾਈਟਿੰਗ) ਦੇ ਵਿਸ਼ੇ ਉੱਤੇ ਲਗਾਈ ਗਈ ਦੋ-ਰੋਜ਼ਾ ਵਰਕਸ਼ਾਪ ਦਾ ਅੱਜ ਸਮਾਪਨ ਹੋਇਆ ਹੈ । ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸਿ਼ਮਲਾ ਤੋਂ ਪੁੱਜੇ ਡਾ. ਕੰਵਲਜੀਤ ਸਿੰਘ ਇਸ ਵਰਕਸ਼ਾਪ ਵਿੱਚ ਵਿਸ਼ਾ-ਮਾਹਿਰ ਵਜੋਂ ਪੁੱਜੇ ਸਨ। ਡਾ.ਕੰਵਲਜੀਤ ਸਿੰਘ ਨੇ ਦੋ ਦਿਨਾਂ ਦੀ ਵਰਕਸ਼ਾਪ ਵਿੱਚ ਵਿੱਦਿਆਰਥੀਆਂ ਨੂੰ ਸਕ੍ਰਿਪਟ ਲੇਖਣ ਦੀਆਂ ਬਰੀਕੀਆਂ ਅਤੇ ਫਾਰਮੈਟ ਦੱਸਣ ਦੇ ਨਾਲ ਨਾਲ ਕੈਮਰੇ ਦੇ ਸਾਹਮਣੇ ਸੀਨ ਡਿਜ਼ਾਈਨ ਕਰਕੇ ਵੀ ਦਿਖਾਇਆ। ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ ਵੱਲੋਂ ਦੱਸਿਆ ਗਿਆ ਕਿ ਇਸ ਵਰਕਸ਼ਾਪ ਦੇ ਨਾਲ ਵਿਭਾਗ ਵੱਲੋਂ ਕਰਵਾਏ ਜਾਂਦੇ ਸਿਰਜਣਾਤਮਕ ਲੇਖਣ ਸੰਬੰਧੀ ਕੋਰਸ ਦੇ ਵਿਦਿਆਰਥੀਆਂ ਨੂੰ ਫ਼ਿਲਮ ਅਤੇ ਕਲਾ ਦੀਆਂ ਹੋਰ ਵਿਧਾਵਾਂ ਨੂੰ ਨਖੇੜ ਕੇ ਦੇਖਣ ਅਤੇ ਇਹਨਾਂ ਵਿਧਾਵਾਂ ਦੀ ਲੇਖਣੀ ਸਬੰਧੀ ਜਾਣਕਾਰੀ ਹੋਰ ਪੁਖ਼ਤਾ ਹੋਈ ਹੈ।
ਵਰਰਕਸ਼ਾਪ ਦੇ ਕੋਆਰਡੀਨੇਟਰ ਡਾ. ਵੀਰਪਾਲ ਕੌਰ ਸਿੱਧੂ ਨੇ ਦੋ ਦਿਨ ਦੇ ਇਹਨਾਂ ਸੈਸ਼ਨਾਂ ਦਾ ਬਖੂਬੀ ਸੰਚਾਲਨ ਕਰਦਿਆਂ ਕਿਹਾ ਕਿ ਇਸ ਤਰਾਂ ਵਰਕਸ਼ਾਪ ਵਿੱਚ ਵਿਸ਼ੇ ਤੇ ਨਿੱਠਕੇ ਗੱਲ ਕਰਨਾਂ ਅਤੇ ਵਿਦਿਆਰਥੀਆਂ ਤੋਂ ਕੁਝ ਲਿਖਵਾ ਕੇ ਉਸਨੂੰ ਸਕ੍ਰਿਪਟ ਦਾ ਰੂਪ ਦੇਕੇ, ਪ੍ਰੈਕਟੀਕਲ ਰੂਪ ਨਾਲ ਸਿਖਾਉਣਾ ਇਸ ਵਰਕਸ਼ਾਪ ਦਾ ਹਾਸਿਲ ਹੈ। ਵਿਸ਼ਾ ਮਾਹਿਰ ਡਾ. ਕੰਵਲਜੀਤ ਸਿੰਘ ਵੱਲੋਂ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਉਨਾਂ ਕਿਹਾ ਕੀ ਉਨਾਂ ਦਾ ਪੰਜਾਬੀ ਯੂਨੀਵਰਸਿਟੀ ਨਾਲ ਦਿਲੋਂ ਲਗਾਵ ਹੈ ਤੇ ਉਹ ਹਮੇਸ਼ਾ ਯੂਨੀਵਰਸਿਟੀ ਦੇ ਸੱਦੇ ਤੇ ਆਉਂਦੇ ਰਹਿਣਗੇ। ਦੋ ਦਿਨਾਂ ਦੀ ਇਸ ਵਰਕਸ਼ਾਪ ਦਾ ਵਿਦਿਆਰਥੀਆਂ, ਰਿਸਰਚ ਸਕਾਲਰਾਂ ਅਤੇ ਅਧਿਆਪਕਾਂ ਨੇ ਖੂਬ ਲਾਹਾ ਲਿਆ। ਡਾ. ਮੋਹਨ ਤਿਆਗੀ ਵੱਲੋਂ ਵਰਕਸ਼ਾਪ ਵਿੱਚ ਪੁੱਜੇ ਵਿਸ਼ਾ ਮਾਹਿਰ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਜਸਬੀਰ ਕੌਰ, ਡਾ. ਪਰਮਜੀਤ ਕੌਰ ਬਾਜਵਾ, ਮੈਡਮ ਸਾਕਸ਼ੀ, ਡਾ. ਕੁਲਪਿੰਦਰ ਸ਼ਰਮਾ, ਜਸਬੀਰ ਸਿੰਘ ਜਵੱਦੀ, ਡਾ. ਹਰਮਿੰਦਰ ਕੌਰ, ਡਾ. ਦਰਸ਼ਨ ਸਿੰਘ, ਅਰਵਿੰਦਰ ਸਿੰਘ, ਮਨਪ੍ਰੀਤ ਸਿੰਘ ਲਾਂਬਾਂ ਆਦਿ ਹਾਜ਼ਰ ਰਹੇ।