ਚੰਡੀਗੜ੍ਹ : ਮੌਸਮ ਵਿਭਾਗ ਚੰਡੀਗੜ੍ਹ ਨੇ ਕਿਹਾ ਹੈ ਕਿ ਮੌਸਮ ਬਦਲ ਰਿਹਾ ਹੈ ਅਤੇ ਬਾਰਸ਼ ਆਉਣ ਦੀ ਪੂਰੀ ਸੰਭਾਵਨਾ ਹੈ। ਇਸ ਤੋ ਇਲਾਵਾ ਬਾਰਸ਼ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿਖਬਾਣੀ ਵੀ ਕੀਤੀ ਗਈ ਹੈ। ਰਾਤ ਦਾ ਪਾਰਾ ਤਾਂ ਸਿਰਫ 20 ਡਿਗਰੀ 'ਤੇ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ 2 ਦਿਨਾਂ 'ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਧੂੜ ਭਰੀ ਹਨ੍ਹੇਰੀ ਵੀ ਚੱਲੇਗੀ।
ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਆਉਣ ਵਾਲੇ 72 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ’ਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਚੱਲੇਗੀ ਅਤੇ ਇਸ ਦੇ ਨਾਲ ਹੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬਾਰਸ਼ ਨੇ ਦਸਤਕ ਦੇ ਦਿੱਤੀ ਹੈ। ਸਭ ਤੋਂ ਵੱਧ ਬਾਰਸ਼ ਹਿਮਾਚਲ ਦੇ ਸੋਲਨ ’ਚ 43.4 ਮਿਲੀਮੀਟਰ ਰਿਕਾਰਡ ਹੋਈ ਹੈ।
ਪੰਜਾਬ 'ਚ ਬੁੱਧਵਾਰ ਨੂੰ ਦਿਨ ਦਾ ਤਾਪਮਾਨ ਡਿਗ ਕੇ 35 ਡਿਗਰੀ ਸੈਲਸੀਅਸ 'ਤੇ ਆ ਗਿਆ ਸੀ । ਬੀਤੇ 36 ਘੰਟਿਆਂ 'ਚ ਇਹ ਗਿਰਾਵਟ 6 ਡਿਗਰੀ ਦਰਜ ਕੀਤੀ ਗਈ। ਮਈ ਮਹੀਨੇ 'ਚ ਅਪ੍ਰੈਲ ਦੀ ਸ਼ੁਰੂਆਤ ਵਾਲੀ ਠੰਡਕ ਲੋਕਾਂ ਨੂੰ ਮਿਲ ਰਹੀ ਹੈ।