ਸੁਨਾਮ : ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਅ ਰਹੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਵੱਲੋਂ ਐਸ ਯੂ ਐਸ ਹੈਲਪਿੰਗ ਹੈਂਡ ਫਾਊਂਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਸ਼ੁਕਰਵਾਰ ਨੂੰ ਸੁਨਾਮ ਵਿਖੇ ਚਾਰ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਸਮਾਗਮ ਸ਼ਹੀਦ ਊਧਮ ਸਿੰਘ ਕੰਪਲੈਕਸ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਆਯੋਜਿਤ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਪ੍ਰਧਾਨ ਕਰਨੈਲ ਸਿੰਘ ਢੋਟ ਅਤੇ ਸਕੱਤਰ ਬਲਜਿੰਦਰ ਸਿੰਘ ਕਾਕਾ ਠੇਕੇਦਾਰ ਨੇ ਦੱਸਿਆ ਕਿ ਚਾਰ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਵਿਆਹ ਸਮਾਗਮ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਨੇਪਰੇ ਚੜਿਆ ਹੈ। ਵਿਆਹ ਵਾਲੇ ਜੋੜਿਆਂ ਨੂੰ ਆਨੰਦ ਕਾਰਜਾਂ ਤੋਂ ਬਾਅਦ ਖਾਣਾ ਖਾਣ ਉਪਰੰਤ ਦਾਜ਼ ਵਿੱਚ ਸਮਰੱਥਾ ਅਨੁਸਾਰ ਲੋੜੀਂਦਾ ਸਮਾਨ ਦੇਕੇ ਵਿਦਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਅਜਿਹਾ ਉਪਰਾਲਾ ਕੀਤਾ ਜਾਂਦਾ ਹੈ। ਪ੍ਰਧਾਨ ਜਰਨੈਲ ਸਿੰਘ ਢੋਟ ਅਤੇ ਸਕੱਤਰ ਬਲਜਿੰਦਰ ਸਿੰਘ ਕਾਕਾ ਠੇਕੇਦਾਰ ਨੇ ਕਿਹਾ ਕਿ ਕਲੱਬ ਦੇ ਮੈਂਬਰ 22 ਫ਼ਰਵਰੀ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਲੱਗਣ ਵਾਲੇ ਅੱਖਾਂ ਦੇ ਕੈਂਪ ਦੀ ਤਿਆਰੀ ਵਿਚ ਜੁਟ ਗਏ ਹਨ ਕੈਂਪ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗਾ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਪਰਮਜੀਤ ਸਿੰਘ ਐਮਐਸ ਆਈ ਸੰਗਰੂਰ ਮਰੀਜਾਂ ਦੇ ਆਪਰੇਸ਼ਨ ਕਰਨਗੇ ਅਤੇ ਲੈਂਜ ਮੁਫਤ ਪਾਏ ਜਾਣਗੇ। ਉਹਨਾਂ ਦੱਸਿਆ ਕਿ ਇਹ ਲੋਕ ਭਲਾਈ ਕਾਰਜ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹਨ। ਇਸ ਮੌਕੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।