ਚੰਡੀਗੜ੍ਹ : ਫ਼ੋਟੋ ਵੋਟਰ ਸੂਚੀ ਵਿੱਚ 'ਹਰਿਜਨ' ਅਤੇ 'ਗਿਰੀਜਨ' ਵਰਗੇ ਗੈਰ ਸੰਵਿਧਾਨਕ ਅਤੇ ਅਪਮਾਨਜਨਕ ਸ਼ਬਦ ਵਰਤੇ ਜਾਣ ਸਬੰਧੀ ਵੋਟਰ ਤੋਂ ਮਿਲੀ ਸ਼ਿਕਾਇਤ ‘ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸਾਰੇ 22 ਡਿਪਟੀ ਕਮਿਸ਼ਨਰਾਂ - ਕਮ - ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ 117 ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓ.) ਨੂੰ ਇਹਨਾਂ ਸ਼ਬਦਾਂ ਨੂੰ ਹਟਾਉਣ ਸਬੰਧੀ ਵਿਸ਼ੇਸ਼ ਸੋਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡਾ. ਰਾਜੂ ਨੇ ਅੱਗੇ ਕਿਹਾ ਕਿ ਇਹ ਮਾਮਲਾ ਮੁੱਖ ਸਕੱਤਰ, ਪੰਜਾਬ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਜਿਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਦੇ ਨਿਰਦੇਸ਼ ਜਾਰੀ ਕੀਤੇ।
ਉਹਨਾਂ ਕਿਹਾ ਕਿ ਇਸ ਲਈ ਗੈਰ ਸੰਵਿਧਾਨਕ ਸ਼ਬਦ ‘ਹਰਿਜਨ ਬਸਤੀ’ ਦੀ ਬਜਾਏ ਪਿੰਡ ਦਾ ਨਾਮ / ਸਥਾਨ ਦਾ ਨਾਮ ਲਿਖਿਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਥਾਂ ਨਵਾਂ ਨਾਮ ਹੀ ਲਿਖਿਆ ਹੋਣਾ ਚਾਹੀਦਾ ਹੈ।
ਡਾ. ਰਾਜੂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਚੋਣਕਾਰ ਅਫ਼ਸਰ, ਗੁਰਦਾਸਪੁਰ ਨੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ "ਹਰਿਜਨ ਕਲੋਨੀ" ਦੇ ਨਾਂ ਨੂੰ "ਪਾਰਟ ਨੰ. 108, ਸੈਕਸ਼ਨ ਨੰ. 7, ਵਾਰਡ ਨੰ. 5, ਦੀਨਾਨਗਰ" ਵਿੱਚ ਤਬਦੀਲ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਨਾਭਾ ਦੇ ਪੋਲਿੰਗ ਸਟੇਸ਼ਨ “ਸਰਕਾਰੀ ਐਲੀਮੈਂਟਰੀ ਸਕੂਲ, ਹਰਿਜਨ ਬਸਤੀ” ਨੂੰ “ਸਰਕਾਰੀ ਐਲੀਮੈਂਟਰੀ ਸਕੂਲ, ਬੋਰਹਾ ਗੇਟ” ਵਜੋਂ ਤਬਦੀਲ ਕੀਤਾ ਗਿਆ। ਉਹਨਾਂ ਕਿਹਾ ਕਿ ਜਮਹੂਰੀਅਤ ਪ੍ਰਤੀ ਜਾਗਰੂਕ ਨਾਗਰਿਕਾਂ ਦੀ ਇਹ ਸੰਵਿਧਾਨ ਪੱਖੀ ਪਹੁੰਚ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਇਕ ਸਿੱਧ ਹੋਵੇਗੀ।
ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੀਤੀ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਸੀ.ਈ.ਓ. ਡਾ. ਰਾਜੂ ਨੇ ਸਮੂਹ ਵੋਟਰਾਂ, ਸਿਆਸੀ ਪਾਰਟੀਆਂ, ਗੈਰ-ਸਰਕਾਰੀ ਸੰਗਠਨਾਂ, ਸਿਵਲ ਸੋਸਾਇਟੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਅਜਿਹਾ ਗੈਰ-ਸੰਵਿਧਾਨਕ ਨਾਂ ਲਿਖਿਆ ਮਿਲਦਾ ਹੈ ਤਾਂ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਹਨਾਂ ਅੱਗੇ ਕਿਹਾ ਕਿ ਸੀ.ਈ.ਓ. ਦਫ਼ਤਰ ਵੱਲੋਂ ਤੁਰੰਤ ਸੁਧਾਰਾਤਮਕ ਉਪਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ।