ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ ਜਦੋਂ ਹੁਸਿ਼ਆਪੁਰ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਅਤੇ ਉਘੇ ਆਗੂ ਸੁਖਵਿੰਦਰ ਸਿੰਘ ਮੁਨਾਕ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ਼ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਮੂਲੀਅਤ ਕੀਤੀ।
ਅਕਾਲੀ ਦਲ ਬਾਦਲ ਤਾਨਾਸ਼ਾਹੀ, ਗਲਤ ਨੀਤੀਆਂ ਅਤੇ ਪੰਥਕ ਸੋਚ ਤੋਂ ਦੂਰ ਜਾਣ ਕਰਕੇ ਰੋਸ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹੋਏ ਅਕਾਲੀ ਦਲ ਬਾਦਲ ਹੁਸਿ਼ਆਰਪੁਰ ਦੇ ਐਸ.ਸੀ ਵਿੰਗ ਦੇ ਸਾਬਕਾ ਜਿ਼ਲ੍ਹਾ ਪ੍ਰਧਾਨ, ਸਾਬਕਾ ਜਿ਼ਲ੍ਹਾ ਪ੍ਰੀਸ਼ਦ ਮੈਂਬਰ ਅਤੇ ਯੂਥ ਅਕਾਲੀ ਦਲ ਬਾਦਲ ਦੁਆਬੇ ਦੇ ਸਾਬਕਾ ਸਕੱਤਰ ਜਰਨਲ ਸ: ਸੁਖਵਿੰਦਰ ਸਿੰਘ ਮੁਨਾਕ ਨੇ ਅਕਾਲੀ ਦਲ ਬਾਦਲ ਤੋਂ ਪਾਰਟੀ ਦੇ ਜਰਨਲ ਸਕੱਤਰ ਸ: ਮਨਜੀਤ ਸਿੰਘ ਦਸੂਹਾ ਦੀ ਪ੍ਰੇਰਣਾ ਸੱਦਕਾ ਕਿਨਾਰਾ ਕਰ ਲਿਆ।ਇਸ ਮੌਕੇ `ਤੇ ਬੋਲਦਿਆਂ ਸ: ਸੁਖਵਿੰਦਰ ਸਿੰਘ ਮੁਨਾਕ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਬਾਦਲ ਵਿੱਚ ਚਾਪਲੂਸਾਂ ਦਾ ਬੋਲਬਾਲਾ ਅਤੇ ਜ਼ਮੀਨੀ ਪੱਧਰ `ਤੇ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਕੋਈ ਸੁਣਵਾਈ ਅਤੇ ਕਦਰ ਨਹੀ ਹੈ ਅਤੇ ਅਕਾਲੀ ਦਲ ਬਾਦਲ ਇੱਕ ਕਾਰਪੋਰੇਟ ਘਰਾਣਾ ਬਣ ਕੇ ਰਹਿ ਗਿਆ ਹੈ।ਇਸ ਲਈ ਪੰਥ ਦਾ ਦਰਦ ਰੱਖਣ ਵਾਲੇ ਪੰਥਕ ਸੋਚ ਦੇ ਧਾਰਨੀ ਲੋਕਾਂ ਲਈ ਉਥੇ ਕੋਈ ਥਾਂ ਨਹੀ ਹੈ।ਉਨ੍ਹਾਂ ਕਿਹਾ ਕਿ ਛੇਤੀ ਹੀ ਉਨ੍ਹਾਂ ਦੇ ਹੋਰ ਸਾਥੀ ਵੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਣਗੇ। ਸ: ਸੁਖਵਿੰਦਰ ਸਿੰਘ ਮੁਨਾਕ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜਾ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਸ: ਢੀਂਡਸਾ ਨੇ ਵਿਸ਼ਵਾਸ਼ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਏ ਸ: ਸੁਖਵਿੰਦਰ ਸਿੰਘ ਮੁਨਾਕ ਨੂੰ ਪਾਰਟੀ ਵਿੱਚ ਪੂਰਾ ਮਾਣ- ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ `ਤੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ,ਸ: ਮਨਜੀਤ ਸਿੰਘ ਦਸੂਹਾ ਅਤੇ ਸ: ਮਨਿੰਦਰਪਾਲ ਸਿੰਘ ਬਰਾੜ ਵੀ ਮੌਜੂਦ ਸਨ।