ਚੰਡੀਗੜ੍ਹ : ਪੰਜਾਬ ਵਿਚ ਪਏ ਮੀਂਹ ਕਾਰਨ ਆਵਾਜਾਈ ਪ੍ਰਭਾਵਤ ਹੋ ਰਹੀ ਹੈ ਅਤੇ ਕਈ ਇਲਾਕਿਆਂ ਵਿਚ ਪਾਣੀ ਵੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਕਰੀਬ ਇਕ ਘੰਟੇ ਦੀ ਬਾਰਿਸ਼ ਨੇ ਸ਼ਹਿਰਾਂ ਵਿਚ ਪਾਣੀ-ਪਾਣੀ ਕਰ ਦਿੱਤਾ। ਲੁਧਿਆਣਾ, ਅੰਮ੍ਰਿਤਸਰ, ਹੁਸਿ਼ਆਰਪੁਰ ਸਣੇ ਪੰਜਾਬ ਦੇ ਕਈ ਇਲਾਕਿਆਂ ਵਿਚ ਸੜਕਾਂ ਉਪਰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਅਤੇ ਸੜਕਾਂ ਵੀ ਅਲੋਪ ਹੋ ਗਈਆਂ ਸਨ। ਇਸ ਦੇ ਨਾਲ ਹੀ ਕਈ ਜਿ਼ਲ੍ਹਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਤ ਹੋਈ। ਇਥੇ ਦਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਗਰਮੀ ਪੈ ਰਹੀ ਸੀ ਅਤੇ ਅੱਜ ਹੋਈ ਤੇਜ਼ ਬਾਰਸ਼ ਨੇ ਮੌਸਮ ਸੁਹਾਵਣਾ ਬਣਾ ਦਿੱਤਾ। ਬੇਸ਼ੱਕ ਗਰਮੀ ਤੋਂ ਰਾਹਤ ਮਿਲੀ ਹੈ ਪਰ ਨਾਲ ਹੀ ਸੜਕਾਂ 'ਤੇ ਖੜੇ ਪਾਣੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਬਰਸਾਤ ਪੈਂਦੀ ਰਹੇਗੀ। ਇਥੇ ਇਹ ਵੀ ਦਸ ਦਈਏ ਜਿੱਥੇ ਤਪਦੀ ਗਰਮੀ ਵਿੱਚ ਇਨਸਾਨਾਂ ਤੋਂ ਇਲਾਵਾ ਪਸ਼ੂ-ਪੰਛੀ ਆਦਿ ਬੇਹਾਲ ਹੋ ਰਹੇ ਸਨ। ਅੱਜ ਦੀ ਬਾਰਿਸ਼ ਤੋਂ ਬਾਅਦ ਚਾਰੇ ਪਾਸੇ ਇੱਕ ਵੱਖਰਾ ਹੀ ਨਜਾਰਾ ਵੇਖਣ ਨੂੰ ਮਿਲਿਆ। ਜਿਸ ਵਿੱਚ ਪੰਛੀਆਂ ਦੀ ਚਹਿ-ਚਹਾਕ ਅਤੇ ਬੱਚਿਆਂ ਦੇ ਮੀਂਹ ਵਿੱਚ ਨਹਾਉਣ ਦੀਆਂ ਖੁਸ਼ੀਆਂ ਨੂੰ ਵੇਖਦੇ ਹੋਏ ਅਲੱਗ ਹੀ ਆਨੰਦ ਮਹਿਸੂਸ ਹੋ ਰਿਹਾ ਸੀ। ਇਸ ਬਾਰਸ਼ ਕਾਰਨ ਜਿਥੇ ਕਿਸਾਨਾਂ ਨੂੰ ਰਾਹਤ ਮਿਲੀ ਹੈ ਉਥੇ ਹੀ ਸ਼ਹਿਰੀ ਇਲਾਕਿਆਂ ਵਿਚ ਰੁਕੇ ਹੋਏ ਪਾਣੀ ਨੇ ਮੁਸੀਬਤਾਂ ਵੀ ਖੜੀਆਂ ਕੀਤੀਆਂ ਹਨ।