ਐਸ.ਏ.ਐਸ.ਨਗਰ : ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਕਹਾਣੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਕਹਾਣੀ ਦਰਬਾਰ ਮੌਕੇ ਕਹਾਣੀ ਪਾਠ ਲਈ ਕਰਨਲ ਜਸਬੀਰ ਭੁੱਲਰ, ਜਸਪਾਲ ਮਾਨਖੇੜਾ, ਜਸਵੀਰ ਰਾਣਾ, ਡਾ. ਚਰਨਜੀਤ ਕੌਰ ਅਤੇ ਸ਼੍ਰੀਮਤੀ ਮਨਜੀਤ ਮੀਤ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਹੋਏ ਕਹਾਣੀਕਾਰਾਂ, ਸਾਹਿਤਕਾਰਾਂ, ਪਾਠਕਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਾਇਆ ਅਤੇ ਕਰਵਾਏ ਜਾ ਰਹੇ ਕਹਾਣੀ ਦਰਬਾਰ ਦੇ ਮਨੋਰਥ ਬਾਰੇ ਜਾਣਕਾਰੀ ਦਿੱਤੀ ਗਈ।
ਕਹਾਣੀਕਾਰਾਂ ਵਿੱਚੋਂ ਸ਼੍ਰੀਮਤੀ ਮਨਜੀਤ ਮੀਤ ਨੇ ਆਪਣੀ ਕਹਾਣੀ ਨੂੰ ਬਿਆਨ ਕੀਤਾ ਗਿਆ । ਜਸਵੀਰ ਰਾਣਾ ਵੱਲੋਂ ਆਪਣੀ ਕਹਾਣੀ 'ਬਚ ਕੇ ਮੋੜ ਤੋਂ' ਦੇ ਪਾਠ ਦੁਆਰਾ ਕਿਸਾਨੀ ਸੰਕਟ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਕਿਸਾਨੀ ਦੇ ਦਰਦ ਨੂੰ ਬਿਆਨ ਕੀਤਾ ਗਿਆ। ਕਰਨਲ ਜਸਬੀਰ ਭੁੱਲਰ ਵੱਲੋਂ ਪੜ੍ਹੀਆਂ ਗਈਆਂ ਕਹਾਣੀਆਂ ਦੇ ਪਰਿਪੇਖ ਤੋਂ ਭਾਵਪੂਰਤ ਟਿੱਪਣੀ ਕੀਤੀ ਗਈ। ਆਪਣੇ ਸਾਹਿਤ ਲਿਖਣ ਦੇ ਉਦੇਸ਼ ਬਾਰੇ ਵੀ ਬੋਲਦਿਆਂ ਉਨ੍ਹਾਂ ਕਿਹਾ,"ਲਿਖਣ ਤੋਂ ਬਗ਼ੈਰ ਮੈਨੂੰ ਜਿਊਣ ਦਾ ਹੋਰ ਕੋਈ ਢੰਗ ਨਹੀਂ ਆਉਂਦਾ।"
ਇਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਜ਼ਿਲ੍ਹੇ ਦੀਆਂ ਅਨੇਕ ਨਾਮਵਰ ਸ਼ਖਸੀਅਤਾਂ ਜਿਵੇਂ ਡਾ. ਗੁਰਦਰਪਾਲ ਸਿੰਘ, ਡਾ. ਬਲਜੀਤ ਕੌਰ ਆਦਿ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕਹਾਣੀ ਪਾਠ ਕਰਨ ਲ਼ਈ ਪਹੁੰਚੇ ਕਹਾਣੀਕਾਰਾਂ ਦਾ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਦਾ ਕਹਾਣੀ ਦਰਬਾਰ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ।