ਐਸ.ਏ.ਐਸ.ਨਗਰ : ਸ੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਕਮ ਚੇਅਰਪਰਸਨ, ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ, ਐਸ.ਏ.ਐਸ.ਨਗਰ ਨੇ ਅੱਜ ਏਅਰਪੋਰਟ ਰੋਡ (ਮੁਹਾਲੀ) (ਪੀ.ਆਰ.-7) ਤੋਂ 21 ਕਿਲੋਮੀਟਰ ਲੰਬੀ ਏਅਰਪੋਰਟ ਰੋਡ 'ਤੇ ਦੁਰਘਟਨਾ ਬਲੈਕ ਸਪਾਟਸ ਦੀ ਪਛਾਣ ਅਤੇ ਸੜਕ ਸੁਰੱਖਿਆ ਆਡਿਟ ਸਿਰਲੇਖ 'ਤੇ ਖੋਜ ਅਧਿਐਨ ਰਿਪੋਰਟ ਜਾਰੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਰਿਪੋਰਟ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ, ਐਸ.ਏ.ਐਸ.ਨਗਰ ਵੱਲੋਂ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਡਾ: ਨਵਦੀਪ ਅਸੀਜਾ ਦੀ ਅਗਵਾਈ ਹੇਠ ਵਿਦਿਆਰਥੀ ਸਿਖਿਆਰਥੀ ਸ੍ਰੀ ਸੁਨੀਲ ਸ਼ਰਮਾ , ਸ਼੍ਰੀ ਨਰੇਸ਼ ਸ਼ਰਮਾ, ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਲੁਧਿਆਣਾ ਦੇ ਸ਼੍ਰੀ ਕੇਸ਼ਵ ਰਾਜ ਜੋਸ਼ੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਦੇ ਸ਼੍ਰੀ ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ l ਵਿਦਿਆਰਥੀਆਂ ਨੇ ਆਪਣੇ ਬੀ.ਟੈਕ ਖੋਜ ਪ੍ਰੋਜੈਕਟ ਦੇ ਹਿੱਸੇ ਵਜੋਂ ਇਸ ਪ੍ਰੋਜੈਕਟ ਤੇ ਕੰਮ ਕੀਤਾ ਹੈ l
ਇਹ ਅਧਿਐਨ ਸੇਫ਼ ਸੁਸਾਇਟੀ ਪੰਜਾਬ ਦੁਆਰਾ ਸਹਾਇਤਾ ਪ੍ਰਾਪਤ ਹੈ ਅਤੇ ਸੇਫ਼ ਸੁਸਾਇਟੀ ਪੰਜਾਬ ਦੇ ਸੜਕ ਸੁਰੱਖਿਆ ਇੰਜੀਨੀਅਰ ਸ੍ਰੀ ਸਿਮਰਨਜੀਤ ਸਿੰਘ ਅਤੇ ਸ੍ਰੀ ਚਰਨਜੀਤ ਦੁਆਰਾ ਨਿਗਰਾਨੀ ਕੀਤੀ ਗਈ ਹੈ।
ਰਿਪੋਰਟ ਰਿਲੀਜ਼ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਕਿਹਾ ਕਿ “ਇਸ ਤਰ੍ਹਾਂ ਦਾ ਵਿਸਤ੍ਰਿਤ ਵਿਗਿਆਨਕ ਅਧਿਐਨ ਨਾ ਸਿਰਫ ਮੌਜੂਦਾ ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਦ੍ਰਿਸ਼ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੇਗਾ ਬਲਕਿ ਇਸ ਨਾਲ ਸਬੰਧਤ ਸਾਡੇ ਭਵਿੱਖ ਦੇ ਫੈਸਲੇ ਲੈਣ ਵਿੱਚ ਵੀ ਮਦਦ ਕਰੇਗਾ। ਜਿਕਰਯੋਗ ਹੈ ਕਿ ਏਅਰਪੋਰਟ ਰੋਡ ਐਸ.ਏ.ਐਸ ਨਗਰ ਦੀ ਸਭ ਤੋਂ ਨਾਜ਼ੁਕ ਸ਼ਹਿਰੀ ਸੜਕ ਹੈ ਅਤੇ ਸਾਲ 2020 ਵਿੱਚ ਇਸ ਸੜਕ ਦੇ 21 ਕਿਲੋਮੀਟਰ ਲੰਬੇ ਹਿੱਸੇ ਵਿੱਚ 19 ਲੋਕਾਂ ਦੀ ਜਾਨ ਚਲੀ ਗਈ ਸੀ।
ਡੀ.ਸੀ.ਮੋਹਾਲੀ ਨੇ ਜ਼ਿਲੇ ਵਿੱਚ ਹੋਈ ਪਿਛਲੀ ਸੜਕ ਸੁਰੱਖਿਆ ਮੀਟਿੰਗ ਵਿੱਚ ਅਧਿਐਨ ਦੀ ਸਲਾਹ ਦਿੱਤੀ ਸੀ।