ਐਸ ਏ ਐਸ ਨਗਰ : ‘ਕੋਰੋਨਾ ਵਾਇਰਸ’ ਮਹਾਂਮਾਰੀ ਤੋਂ ਲੋੜੀਂਦੀ ਸੁਰੱਖਿਆ ਲਈ ਟੀਕਾਕਰਨ ਵਾਸਤੇ ‘ਹਰ ਘਰ ਦਸਤਕ’ ਮੁਹਿੰਮ ਦਾ ਦੂਜਾ ਪੜਾਅ 6 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਭਰ ’ਚ ਸਿਹਤ ਕਾਮੇ ਘਰ-ਘਰ ਜਾ ਕੇ ਲਾਭਪਾਤਰੀਆਂ ਤਕ ਪਹੁੰਚ ਕਰਨਗੇ। ਉਹ ਯਕੀਨੀ ਬਣਾਉਣਗੇ ਕਿ 12-18 ਸਾਲ ਤਕ ਅਤੇ 18 ਤੋਂ ਉਪਰਲੀ ਉਮਰ ਦਾ ਕੋਈ ਵੀ ਲਾਭਪਾਤਰੀ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਤੋਂ ਇਲਾਵਾ ਉਨ੍ਹਾਂ ਲਾਭਪਾਤਰੀਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਹਾਲੇ ਤਕ ਦੂਜਾ ਜਾਂ ਤੀਜਾ ਟੀਕਾ ਨਹੀਂ ਲਗਵਾਇਆ। ਇਸ ਕੰਮ ਵਿਚ ਗ਼ੈਰ-ਸਰਕਾਰੀ ਸੰਸਥਾਵਾਂ ਦੀ ਵੀ ਮਦਦ ਲਈ ਜਾ ਰਹੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਕਾਮੇ ਸ਼ਹਿਰਾਂ ਅਤੇ ਪਿੰਡਾਂ ਵਿਚ ਘਰ-ਘਰ ਜਾ ਕੇ ਲਾਭਪਾਤਰੀਆਂ ਦੇ ਕੋਵਿਡ-ਰੋਕੂ ਟੀਕੇ ਲਗਾਉਣਗੇ। ਉਨ੍ਹਾਂ ਕਿਹਾ ਕਿ ਹਾਲੇ ਵੀ ਕਈ ਲੋਕ ਪਹਿਲਾ ਜਾਂ ਦੂਜਾ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ। ਸਿਹਤ ਕਾਮੇ ਅਜਿਹੇ ਲੋਕਾਂ ਨੂੰ ਟੀਕਾਕਰਨ ਦੇ ਫ਼ਾਇਦੇ ਦੱਸਣਗੇ ਅਤੇ ਟੀਕਾਕਰਨ ਵਾਸਤੇ ਤਿਆਰ ਕਰਨਗੇੇ। ਉਨ੍ਹਾਂ ਦੁਹਰਾਇਆ ਕਿ ਮਹਾਂਮਾਰੀ ਤੋਂ ਬਚਾਅ ਲਈ ਮੁਕੰਮਲ ਟੀਕਾਕਰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਲਾਭਪਾਤਰੀ ਖ਼ਾਸਕਰ ਉਹ ਲੋਕ ਜਿਨ੍ਹਾਂ ਨੇ ਦੂਜਾ ਜਾਂ ਤੀਜਾ ਟੀਕਾ ਲਗਾਉਣ ਵਿਚ ਹਾਲੇ ਵੀ ਦੇਰ ਕਰ ਦਿਤੀ ਹੈ, ਮੁਕੰਮਲ ਟੀਕਾਕਰਨ ਕਰਵਾਏ। ਅਧਿਕਾਰੀਆਂ ਨੇ ਕਿਹਾ ਕਿ ਜੇ ਦੂਜਾ ਟੀਕਾ ਤੈਅ ਸਮੇਂ ’ਤੇ ਨਹੀਂ ਲਗਵਾਇਆ ਜਾਂਦਾ ਤਾਂ ਪਹਿਲਾ ਟੀਕਾ ਲਗਵਾਉਣ ਦਾ ਕੋਈ ਫ਼ਾਇਦਾ ਨਹੀਂ। ਜਦ ਦੋਵੇਂ ਅਤੇ ਤਿੰਨੇ ਟੀਕੇ ਲੱਗ ਜਾਂਦੇ ਹਨ, ਤਦ ਹੀ ਸਰੀਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਤਾਕਤ ਪੂਰੀ ਤਰ੍ਹਾਂ ਪੈਦਾ ਹੁੰਦੀ ਹੈ।
ਜ਼ਿਲ੍ਹੇ ਦੀਆਂ ਵੱਖ-ਵੱਖ ਸਾਰੀਆਂ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਇਸ ਵੇਲੇ 12 ਤੋਂ 18 ਸਾਲ ਤਕ ਦੇ ਨੌਜਵਾਨਾਂ, 18 ਸਾਲ ਤੋਂ ਉਪਰਲੇ ਵਿਅਕਤੀਆਂ ਦੇ ਟੀਕਾਕਰਨ ਤੋਂ ਇਲਾਵਾ 60 ਸਾਲ ਤੋਂ ਉਪਰਲੇ ਵਿਅਕਤੀਆਂ, ਫ਼ਰੰਟ ਲਾਈਨ ਕਾਮਿਆਂ ਅਤੇ ਸਿਹਤ ਕਾਮਿਆਂ ਨੂੰ ਬੂਸਟਰ ਡੋਜ਼ ਦਿਤੀ ਜਾ ਰਹੀ ਹੈ।
ਡਾ. ਆਦਰਸ਼ਪਾਲ ਕੌਰ ਨੇ ਇਕ ਵਾਰ ਫਿਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੀ ਮਾਰੂ ਬੀਮਾਰੀ ਤੋਂ ਬਚਾਅ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਜੇ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਆਦਿ ਜਿਹੀ ਤਕਲੀਫ਼ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਕੋਵਿਡ ਟੈਸਟ ਕਰਵਾਇਆ ਜਾਵੇ। ਸਿਹਤ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।