ਐਸ ਏ ਐਸ ਨਗਰ : ਸ਼੍ਰੀ ਵਿਵੇਕ ਸ਼ੀਲ ਸੋਨੀ , ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਦੀ ਅਗਵਾਈ ਵਿਚ ਅੱਜ ਸ਼ਹਿਰ ਮੁਹਾਲੀ ਵਿੱਚ ਘੱਲੂਘਾਰਾ ਹਫਤੇ ਤਹਿਤ ਅਮਨ ਅਮਾਨ ਦੀ ਵਚਨਬੱਧਤਾ ਨੂੰ ਪ੍ਰਗਟਾਉਂਦਿਆਂ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਪੈਰਾ ਮਿਲਟਰੀ ਫੋਰਸ, ਜਿਲਾ ਪੁਲਿਸ ਦੇ ਅਧਿਕਾਰੀਆਂ ਸਮੇਤ ਮੋਹਾਲੀ ਸਿਟੀ ਦੇ ਥਾਣਿਆਂ ਅਤੇ ਪੁਲਿਸ ਲਾਈਨ ਵਿੱਚ ਤਾਇਨਾਤ ਪੁਲਿਸ ਫੋਰਸ ਨੂੰ ਸ਼ਾਮਲ ਕੀਤਾ ਗਿਆ।
ਇਹ ਫਲੈਗ ਮਾਰਚ ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਕਪਤਾਨ ਪੁਲਿਸ (ਸਥਾਨਕ) ਮੋਹਾਲੀ ਦੀ ਅਗਵਾਈ ਵਿੱਚ ਡੀ. ਐਸ.ਪੀ.ਡੀ. , ਡੀ.ਐਸ.ਪੀ. ਸਿਟੀ-1, ਡੀ.ਐਸ.ਪੀ. ਸਿਟੀ-2, ਡੀ.ਐਸ.ਪੀ. ਪੀ.ਬੀ.ਆਈ. ਅਤੇ ਡੀ.ਐਸ.ਪੀ. ਸਪੈਸ਼ਲ ਬ੍ਰਾਂਚ ਨਾਲ ਮਿਲ ਕੇ ਫੇਸ- 7 ਮੋਹਾਲੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਫੇਸਾਂ 3-5 ਲਾਇਟ ਪੁਆਇੰਟ, ਵਾਈ ਪੀ ਐਸ ਚੌਂਕ, ਪੀ ਸੀ ਏ ਚੌਂਕ, ਫੇਜ਼ 11 ਵਿਚੋਂ ਦੀ ਹੁੰਦਾ ਹੋਇਆ ਮੋਹਾਲੀ ਸ਼ਹਿਰ ਵਿੱਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਫੇਸ-7 ਮੋਹਾਲੀ ਦੀਆਂ ਮਾਰਕਿਟਾਂ ਵਿੱਚ ਪੈਦਲ ਫਲੈਗ ਮਾਰਚ ਵੀ ਕੀਤਾ ਗਿਆ। ਇਸ ਦੇ ਨਾਲ ਹੀ ਜ਼ੀਰਕਪੁਰ ਪੁਲਿਸ ਨਾਲ ਮਿਲ ਕੇ ਜ਼ੀਰਕਪੁਰ ਵਿਖੇ ਵੀ ਫਲੈਗ ਮਾਰਚ ਕੱਢਿਆ ਗਿਆ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਰੋਕਣ ਅਤੇ ਲੋਕਾਂ ਵਿੱਚ ਪੁਲੀਸ ਦਾ ਵਿਸ਼ਵਾਸ ਪੈਦਾ ਕਰਨ ਦੇ ਮੰਤਵ ਨਾਲ ਉਨ੍ਹਾਂ ਵੱਲੋਂ ਅੱਜ ਫਲੈਗ ਮਾਰਚ ਕੀਤਾ ਗਿਆ ਹੈ। ਇਸ ਫਲੈਗ ਮਾਰਚ ਦੌਰਾਨ ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਵੀ ਹਿੱਸਾ ਲਿਆ ਗਿਆ। ਇਥੇ ਵੀ ਵਰਨਣਯੋਗ ਹੈ ਕਿ ਇਸ ਫਲੈਗ ਮਾਰਚ ਦੌਰਾਨ ਆਮ ਸ਼ਹਿਰੀ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਉਹ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕਰਨ।