ਐਸ.ਏ.ਐਸ ਨਗਰ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਵਿਭਾਗ ਦੇ ਯੂ.ਡੀ.ਆਈ.ਡੀ. ਨੋਡਲ ਅਫ਼ਸਰ ਡਾ. ਵਿਕਰਾਂਤ ਨਾਗਰਾ ਨੇ ਵਿਕਲਾਂਗਤਾ ਸਰਟੀਫ਼ੀਕੇਟ ਲਈ ਆਨਲਾਈਨ ਅਰਜ਼ੀਆਂ ਦਾਖ਼ਲ ਕਰਨ ਵਾਲੇ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧਤ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾ ਕੇ ਅਪਣਾ ਸਰੀਰਕ ਮੁਆਇਨਾ ਅਤੇ ਅਪਣੇ ਦਸਤਾਵੇਜ਼ਾਂ ਦਾ ਮੁਲਾਂਕਣ ਕਰਵਾਉਣ।
ਸਿਹਤ ਅਧਿਕਾਰੀਆਂ ਨੇ ਪ੍ਰੈਸ ਨੋਟ ਰਾਹੀਂ ਦਸਿਆ ਕਿ (ਯੂਨੀਕ ਡਿਸਏਬਲਟੀ ਆਈ ਡੀ) ਜਾਂ ਵਿਕਲਾਂਗਤਾ ਸਰਟੀਫ਼ੀਕੇਟ ਬਣਵਾਉਣ ਲਈ ਜ਼ਿਲ੍ਹੇ ਭਰ ਤੋਂ 2200 ਆਨਲਾਈਨ ਅਰਜ਼ੀਆਂ ਕਾਫ਼ੀ ਸਮੇਂ ਤੋਂ ਆਈਆਂ ਹੋਈਆਂ ਹਨ ਪਰ ਬਿਨੈਕਾਰਾਂ ਦੁਆਰਾ ਅਪਣੇ ਕੇਸ ਦੀ ਪੈਰਵਾਈ ਕਰਨ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਨਾ ਆਉਣ ਕਾਰਨ ਇਹ ਅਰਜ਼ੀਆਂ ਨਿਪਟਾਰੇ ਹਿੱਤ ਪਈਆਂ ਹਨ। ਉਨ੍ਹਾਂ ਕਿਹਾ ਕਿ ਮੋਹਾਲੀ, ਖਰੜ ਅਤੇ ਡੇਰਾਬੱਸੀ ਦੇ ਸਿਵਲ ਹਸਪਤਾਲਾਂ ਵਿਚ ਅਜਿਹੇ ਬਿਨੈਕਾਰ ਪਹੁੰਚ ਸਕਦੇ ਹਨ ਤਾਕਿ ਉਨ੍ਹਾਂ ਦੀਆਂ ਅਰਜ਼ੀਆਂ ਦਾ ਮੁਲਾਂਕਣ ਕਰ ਕੇ ਉਨ੍ਹਾਂ ਦੇ ਵਿਕਲਾਂਗਤਾ ਸਰਟੀਫ਼ੀਕੇਟ ਛੇਤੀ ਤੋਂ ਛੇਤੀ ਬਣਾਏ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਬਿਨੈਕਾਰ ਕਿਸੇ ਕਾਰਨ ਅਪਣਾ ਸਰਟੀਫ਼ੀਕੇਟ ਨਹੀਂ ਬਣਵਾਉਣਾ ਚਾਹੁੰਦਾ ਤਾਂ ਉਹ ਆਨਲਾਈਨ ਹੀ ਅਪਣੀ ਅਰਜ਼ੀ ਖ਼ਾਰਜ ਕਰ ਸਕਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਇਨ੍ਹਾਂ ਬਿਨੈਕਾਰਾਂ ਦੁਆਰਾ ਅਪਣੇ ਕੇਸਾਂ ਦੀ ਪੈਰਵਾਈ ਨਾ ਕਰਨ ਕਰ ਕੇ ਕਾਫ਼ੀ ਗਿਣਤੀ ਵਿਚ ਅਰਜ਼ੀਆਂ ਦਾ ਨਿਪਟਾਰਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਵਿਭਾਗ ਦੁਆਰਾ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਇਸ ਬਾਬਤ ਸੂਚਨਾ ਭੇਜੀ ਗਈ ਹੈ ਪਰ ਇਸ ਦੇ ਬਾਵਜੂਦ ਇਹ ਬਿਨੈਕਾਰ ਹਸਪਤਾਲਾਂ ਵਿਚ ਪਹੁੰਚ ਕੇ ਅਪਣੇ ਕੇਸ ਦੀ ਪੈਰਵਾਈ ਨਹੀਂ ਕਰ ਰਹੇ।
ਅਧਿਕਾਰੀਆਂ ਨੇ ਦਸਿਆ ਕਿ ਪਿਛਲੇ ਦਿਨੀਂ ਵੱਖ-ਵੱਖ ਤਰ੍ਹਾਂ ਦੀਆਂ ਵਿਕਲਾਂਗਤਾਵਾਂ ਨਾਲ ਜੂਝ ਰਹੇ ਵਿਅਕਤੀਆਂ ਦੇ ਸਰਟੀਫ਼ੀਕੇਟ ਬਣਾਉਣ ਲਈ ਜ਼ਿਲ੍ਹੇ ’ਚ ਵਿਸ਼ੇਸ਼ ਯੂ.ਡੀ.ਆਈ.ਡੀ. (ਯੂਨੀਕ ਡਿਸਏਬਲਟੀ ਆਈ ਡੀ) ਕੈਂਪ ਲਗਾਏ ਗਏ ਸਨ। ਇਹ ਵਿਸ਼ੇਸ਼ ਕੈਂਪ ਮਿਤੀ 20, 21, 27 ਅਤੇ 28 ਮਈ ਨੂੰ ਜ਼ਿਲ੍ਹੇ ਦੀਆਂ ਤਿੰਨ ਸਰਕਾਰੀ ਸਿਹਤ ਸੰਸਥਾਵਾਂ-ਸਿਵਲ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਸਬ-ਡਵੀਜ਼ਨਲ ਹਸਪਤਾਲ ਖਰੜ ਵਿਖੇ ਲਗਾਏ ਗਏ ਸਨ ਪਰ ਇਸ ਦੇ ਬਾਵਜੂਦ ਬਹੁਤ ਘੱਟ ਗਿਣਤੀ ਵਿਚ ਲਾਭਪਾਤਰੀ ਇਨ੍ਹਾਂ ਕੈਂਪਾਂ ਵਿਚ ਪੁੱਜੇ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੂੰ ਵੇਖਦਿਆਂ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਉਕਤ ਤਿੰਨੇ ਹਸਪਤਾਲਾਂ ਵਿਚ ਹਰ ਕੰਮਕਾਜੀ ਦਿਨ ਇਹ ਸਰਟੀਫ਼ੀਕੇਟ ਸਵੇਰੇ 8 ਤੋਂ 2 ਵਜੇ ਤਕ ਬਣਾਏ ਜਾਣਗੇ। ਜ਼ਿਕਰਯੋਗ ਹੈ ਕਿ ਇਹ ਸਰਟੀਫ਼ੀਕੇਟ ਮੁਫ਼ਤ ਬਣਾਏ ਜਾਂਦੇ ਹਨ ਅਤੇ ਡਾਕਟਰ ਸਰਟੀਫ਼ੀਕੇਟ ਜਾਰੀ ਕਰਨ ਤੋਂ ਪਹਿਲਾਂ ਬਿਨੈਕਾਰ ਦਾ ਮੁਆਇਨਾ ਕਰਦਾ ਹੈ।