ਐਸ.ਏ.ਐਸ ਨਗਰ : ਛਾਤੀ ਦੇ ਕੈਂਸਰ ਦੀ ਸ਼ੁਰੂਆਤੀ ਅਵਸਥਾ ਵਿੱਚ ਪਤਾ ਲਗਾਉਣ ਲਈ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ.ਰਣਜੀਤ ਸਿੰਘ ਘੋਤੜਾ ਨੇ ਸੂਬੇ ਭਰ ਵਿੱਚ ਪੰਜਾਬ ਬ੍ਰੈਸਟ ਕੈਂਸਰ ਏ.ਆਈ.-ਡਿਜੀਟਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਆਯੋਜਿਤ ਸਮਾਗਮ ਵਿੱਚ ਬੋਲਦਿਆਂ ਡਾ ਘੋਤੜਾ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਰੋਸ਼ੇ ਪ੍ਰੋਡਕਟਸ ਇੰਡੀਆ ਅਤੇ ਨਿਰਾਮਈ ਹੈਲਥ ਐਨਾਲਿਟਿਕਸ ਨੇ ਹਾਲ ਹੀ ਵਿੱਚ ਰਾਜ ਵਿੱਚ ਛਾਤੀ ਦੇ ਕੈਂਸਰ ਦੇ ਕੈਂਸਰ ਦੀ ਜਾਂਚ ਅਤੇ ਇਲਾਜ ਵਿੱਚ ਤੇਜ਼ੀ ਲਿਆਉਣ ਲਈ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਉਨ੍ਹਾਂ ਕਿਹਾ ਕਿ 'ਪੰਜਾਬ ਬ੍ਰੈਸਟ ਕੈਂਸਰ ਏ.ਆਈ.-ਡਿਜੀਟਲ ਪ੍ਰੋਜੈਕਟ' ਨਾਮ ਦੀ ਭਾਈਵਾਲੀ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਮੇਂ ਸਿਰ ਪਛਾਣ, ਇਲਾਜ ਦੀ ਸ਼ੁਰੂਆਤ ਅਤੇ ਮਜ਼ਬੂਤ ਰੈਫਰਲ ਮਾਰਗਾਂ ਨੂੰ ਤਕਨਾਲੋਜੀ ਸਮਰਥਿਤ ਡਿਜੀਟਲ ਲਾਈਵ ਮਰੀਜ਼ ਟਰੈਕਿੰਗ ਸਪੋਰਟ ਰਾਹੀਂ ਯਕੀਨੀ ਬਣਾਉਣ ਦੇ ਯਤਨਾਂ 'ਤੇ ਕੇਂਦਰਿਤ ਹੋਵੇਗੀ। ਇਸ ਪ੍ਰੋਜੈਕਟ ਤਹਿਤ ਇੱਕ ਸਾਲ ਵਿੱਚ 15,000 ਸ਼ੱਕੀ ਔਰਤਾਂ ਦੀ ਸਕਰੀਨਿੰਗ ਕਰਵਾਉਣ ਦਾ ਟੀਚਾ ਹੈ।
ਡਾ. ਘੋਤੜਾ ਨੇ ਅੱਗੇ ਕਿਹਾ ਕਿ ਇਸ ਵਿਲੱਖਣ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ।ਇਸ ਦਿਸ਼ਾ ਵਿੱਚ ਸੂਬੇ ਭਰ ਦੀਆਂ ਸਿਹਤ ਸੰਸਥਾਵਾਂ ਵਿੱਚ ਛਾਤੀ ਦੇ ਕੈਂਸਰ ਦੀ ਮੁਫ਼ਤ ਸਕਰੀਨਿੰਗ ਕੀਤੀ ਜਾਵੇਗੀ ਅਤੇ ਸਭ ਤੋਂ ਪਹਿਲਾਂ ਮੁਹਾਲੀ ਜ਼ਿਲ੍ਹੇ ਵਿੱਚ ਇਹ ਸਕਰੀਨਿਗੰ ਟੈਸਟ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਲੋੜਵੰਦ ਔਰਤਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਉਹ ਪੰਜਾਬ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਡਿਜੀਟਲ ਜਾਂਚ ਕਰਵਾ ਸਕਣਗੀਆਂ। ਡਾ. ਘੋਤੜਾ ਨੇ ਕਿਹਾ ਕਿ ਇਸ ਨਾਲ ਬ੍ਰੈਸਟ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਰੋਕਣ ਵਿੱਚ ਬਹੁਤ ਮਦਦ ਮਿਲੇਗੀ ਕਿਉਂਕਿ ਕੈਂਸਰ ਦੇ ਜਲਦੀ ਪਤਾ ਲਗਾਉਣ ਨਾਲ ਬਾਅਦ ਦੇ ਪੜਾਵਾਂ ਵਿੱਚ ਪਹੁੰਚ ਚੁੱਕੇ ਮਰੀਜ਼ਾਂ ਦੇ ਮੁਕਾਬਲੇ ਇਲਾਜ ਦੀ ਲਾਗਤ ਵੀ ਘਟੇਗੀ। ਡਾ. ਘੋਤੜਾ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਸਕਰੀਨਿੰਗ ਟੈਸਟ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ।
ਉਨ੍ਹਾਂ ਦੱਸਿਆ ਕਿ ਸਕਰੀਨਿੰਗ ਟੈਸਟ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ 15 ਜੂਨ ਤੋਂ 22 ਜੂਨ ਤੱਕ ਕੀਤੇ ਜਾਣਗੇ ।ਇਸੇ ਤਰ੍ਹਾਂ 23 ਤੋਂ 28 ਜੂਨ ਤੱਕ ਸਰਕਾਰੀ ਹਸਪਤਾਲ ਖਰੜ ਵਿਖੇ, 29 ਤੋਂ 4 ਜੁਲਾਈ ਤੱਕ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਲਗਾਇਆ ਜਾਵੇਗਾ। ਲਾਲੜੂ ਦੇ ਸਰਕਾਰੀ ਹਸਪਤਾਲ ਵਿਖੇ 5 ਤੋਂ 6 ਜੁਲਾਈ ਤੱਕ, ਬਨੂੜ ਦੇ ਸਰਕਾਰੀ ਹਸਪਤਾਲ ਵਿਖੇ 7 ਤੋਂ 8 ਜੁਲਾਈ ਤੱਕ, ਸਰਕਾਰੀ ਹਸਪਤਾਲ ਬੂਥਗੜ੍ਹ ਵਿਖੇ 9 ਜੁਲਾਈ ਤੋਂ 12 ਜੁਲਾਈ ਤੱਕ, ਸਰਕਾਰੀ ਹਸਪਤਾਲ ਘੜੂੰਆਂ ਵਿਖੇ 13 ਜੁਲਾਈ ਤੋਂ 15 ਜੁਲਾਈ ਤੱਕ ਅਤੇ 16 ਜੁਲਾਈ ਤੋਂ 19 ਜੁਲਾਈ ਤੋਂ ਤੱਕ ਸਰਕਾਰੀ ਹਸਪਤਾਲ ਕੁਰਾਲੀ ਵਿਖੇ ਕੀਤੇ ਜਾਣਗੇ ।
ਇਸ ਮੌਕੇ ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ: ਰੇਣੂ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਜੇ ਭਗਤ, ਡਾ: ਐਚ.ਐਸ. ਚੀਮਾ, ਡਾ: ਸੁਭਾਸ਼ ਕੁਮਾਰ, ਡਾ: ਗਿਰੀਸ਼ ਡੋਗਰਾ, ਡਾ: ਵਿਕਰਾਂਤ ਨਾਗਰਾ, ਡਾ: ਮੀਚਾ ਨੁਸਬੌਮ, ਚੀਫ਼ ਓਪਰੇਟਿੰਗ ਅਫ਼ਸਰ, ਰੋਸ਼ੇ ਪੰਜਾਬ ਅਤੇ ਚੰਡੀਗੜ੍ਹ ਕਲੱਸਟਰ, ਰੁਚੀ ਗੁਪਤਾ ਹੈਲਥ ਸਿਸਟਮਜ਼ ਪਾਰਟਨਰ ਰੋਸ਼ੇ ,ਨਿਰਾਮਈ ਤੋਂ ਹੈੱਡ ਕਾਰਪੋਰੇਟ ਪਾਰਟਨਰਸ਼ਿਪ ਸੋਮਦੇਵ ਉਪਾਧਿਆ, ਸਟੇਟ ਮਾਸ ਮੀਡੀਆ ਅਫ਼ਸਰ ਜਗਤਾਰ ਬਰਾੜ, ਰਾਜ ਰਾਣੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।