ਕੁਰਾਲੀ : ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਅਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲ੍ਹਾ ਐਸ.ਏ.ਐਸ ਨਗਰ ਦੀ ਸਾਂਝੀ ਮੀਟਿੰਗ ਹਰਵਿੰਦਰ ਸਿੰਘ ਪੋਹਲੀ ਸੂਬਾ ਖਜਾਨਚੀ ਕਾਨੂੰਗੋ ਐਸ਼ੋਸੀਏਸ਼ਨ ਪੰਜਾਬ, ਰਣਧੀਰ ਸਿੰਘ ਥਿੰਦ ਸਹਾਇਕ ਸੂਬਾ ਖਜਾਨਚੀ ਪਟਵਾਰ ਯੂਨੀਅਨ ਪੰਜਾਬ, ਸੁਰਿੰਦਰ ਸਿੰਘ ਰਾਣਾ ਜਿਲਾ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ ਮੋਹਾਲੀ ਤੇ ਅਦਿੱਤਿਆ ਕੌਂਸਲ ਜਨਰਲ ਸਕੱਤਰ ਪਟਵਾਰ ਯੂਨੀਅਨ ਮੋਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦੋਵਾਂ ਜਥੇਬੰਦੀਆਂ ਦੀ ਪੰਜਾਬ ਬਾਡੀ ਵੱਲੋਂ ਮਿਤੀ 26/08/2023 ਨੂੰ ਲਏ ਗਏ ਫੈਸਲੇ ਅਨੁਸਾਰ ਪਤਾ ਪਾਸ ਕੀਤਾ ਗਿਆ ਕਿ ਮਿਤੀ 01 ਸਤੰਬਰ 2023 ਤੋਂ ਪੰਜਾਬ ਦੇ ਸਾਰੇ ਪਟਵਾਰੀ ਅਤੇ ਕਾਨੂੰਗੋ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣਗੇ, ਕਿਉਂਕਿ ਪਿਛਲੇ ਦਿਨੀਂ ਜਿਲਾ ਸੰਗਰੂਰ ਵਿੱਚ ਪਟਵਾਰੀ ਬਲਕਾਰ ਸਿੰਘ, ਕਾਨੂੰਗੋ ਦਰਸ਼ਨ ਸਿੰਘ (ਮੌਜੂਦਾ ਨਾਇਬ ਤਹਿਸੀਲਦਾਰ ਬਰੇਟਾ), ਤਹਿਸੀਲਦਾਰ ਵਿਪਨ ਕਤਾਈ (ਮੌਜੂਦਾ ਐਸ.ਡੀ.ਐਮ.) ਖਿਲਾਫ਼ ਕੁਰੱਪਸ਼ਨ ਐਕਟ ਦੀ ਧਾਰਾ 17 A ਦੀ ਉਲੰਘਣਾ ਕਰਦਿਆਂ ਖਾਨਗੀ ਵਸੀਅਤ ਨੂੰ ਲੈ ਕੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ, ਜਦ ਕਿ ਇਹ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਸਬੰਧਤ ਡਿਪਟੀ ਕਮਿਸ਼ਨਰ ਅਤੇ ਵਿੱਤ ਕਮਿਸ਼ਨਰ ਮਾਲ ਪਾਸ ਪ੍ਰਵਾਨਤੀ ਲਈ ਜਾਣੀ ਜਰੂਰੀ ਸੀ, ਜੋ ਕਿ ਨਹੀਂ ਲਈ ਗਈ। ਜੇਕਰ ਮਿਤੀ 31 ਅਗਸਤ 2023 ਤੱਕ ਮੁਕੱਦਮਾ ਨੰਬਰ 29 ਮਿਤੀ 23 ਅਗਸਤ 2023 ਰੱਦ ਨਹੀਂ ਕੀਤਾ ਜਾਂਦਾ ਅਤੇ ਜਥੇਬੰਦੀ ਦੀ ਚੱਲੀਆਂ ਆ ਰਹੀਆਂ ਬਾਕੀ ਮੰਗਾਂ ਪ੍ਰਵਾਨ ਨਹੀਂ ਕੀਤੀਆ ਜਾਂਦੀਆਂ ਤਾਂ ਪੰਜਾਬ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਮਿਤੀ 01 ਸਤੰਬਰ 2023 ਤੋਂ ਕਲਮਛੋੜ ਤੇ ਚਲੇ ਜਾਣਗੇ, ਜਿਸ ਦੀ ਮੁਕੰਮਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸੇ ਸੰਬੰਧ ਵਿੱਚ ਅੱਜ ਦੋਵਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਜ਼ਿਲ੍ਹਾ ਮੋਹਾਲੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ । ਉਕਤ ਆਗੂਆਂ ਅਨੁਸਾਰ ਇਸ ਹੜਤਾਲ ਦੌਰਾਨ ਕੇਵਲ ਕੁਦਰਤੀ ਆਫ਼ਤਾਂ ਸਬੰਧੀ ਕੰਮ ਹੀ ਕੀਤਾ ਜਾਵੇਗਾ। ਇਸ ਮੌਕੇ ਜਗਪ੍ਰੀਤ ਸਿੰਘ ਜਨਰਲ ਸਕੱਤਰ, ਸੰਦੀਪ ਸ਼ਰਮਾ ਖਜਾਨਚੀ ਕਾਨੂੰਨਗੋ ਐਸਸੀਏਸਨ ਮੋਹਾਲੀ, ਰਾਜੀਵ ਕੁਮਾਰ ਸੀਨੀਅਰ ਮੀਤ ਪ੍ਰਧਾਨ, ਚਤਰਪਾਲ ਸਿੰਘ, ਜਸਵੀਰ ਸਿੰਘ ਖੇੜਾ, ਮਨਪ੍ਰੀਤ ਸਿੰਘ, ਸੌਰਭ ਸ਼ੁਕਲਾ ਸਮੇਤ ਹੋਰ ਆਹੁਦੇਦਾਰ ਪਟਵਾਰ ਯੂਨੀਅਨ ਮੋਹਾਲੀ ਅਤੇ ਪਟਵਾਰੀ ਤੇ ਕਾਨੂੰਗੋ ਹਾਜ਼ਰ ਸਨ।