ਮੈਂ ਰੱਬ ਦਾ ਸ਼ੁਕਰ ਮਨਾਇਆ ਕਿ ਹੁਣ ਵਧੀਆ ਹੋਇਆ। ਹੁਣ ਸਾਰੇ ਹੀ ਕਾਣੇ ਹੋ ਗਏ। ਕੋਈ ਇੱਕ ਦੂਜੇ ਨੂੰ ਮਜ਼ਾਕ ਨਹੀਂ ਕਰੇਗਾ। ਸ਼ਾਮ ਤੱਕ ਕੰਮ ਕਰਾਇਆ ਤੇ ਫਿਰ ਸਾਨੂੰ ਛੱਡ ਦਿੱਤਾ। ਇਹ ਲੇਖਾ ਜੋਖਾ ਰੱਬ ਇੱਥੇ ਹੀ ਦਿਖਾ ਦਿੰਦਾ, ਉੱਪਰ ਜਾ ਕੇ ਕਿਸਨੇ ਦੇਖਿਆ। ਫਿਰ ਮੈਨੂੰ ਇੱਕ ਪੁਰਾਣੀ ਵਾਰਦਾਤ ਚੇਤੇ ਆ ਗਈ। ਅਸੀਂ ਪਿੰਡ ਦੇ ਚੌਂਕ ਵਿੱਚ ਬੈਠੇ ਸੀ, ਮੂੰਹ ਹਨੇਰੇ ਜਿਹੇ। ਉੱਥੋਂ ਦੀ ਇੱਕ ਭਈਆ ਰੋਟੀ ਵਾਲਾ ਡੱਬਾ ਲੈ ਕੇ ਜਾ ਰਿਹਾ ਸੀ ਜੋ ਕਿ ਆਪਣੇ ਮਾਲਕ ਦੀ ਰਾਤ ਦੀ ਰੋਟੀ ਸੀ ਜੋ ਖੂਹ ਤੇ ਫ਼ਸਲ ਦੀ ਰਾਖੀ ਕਰ ਰਿਹਾ ਸੀ। ਮੈਂ ਪੁੱਛਿਆ ਉਏ ਭਈਆ ? ਤੂੰ ਕਿਸ ਦੇ ਕੰਮ ਕਰਦਾਂ ਉਏ ? ਕਹਿੰਦਾ ਜੀ ਹਮ ਸਰਦਾਰ ਬਚਨ ਸਿੰਘ ਕੇ ਕਾਮ ਕਰ ਰਹੇ ਹੈ। ਮੈਨੂੰ ਉਹਦੇ ਸਰਦਾਰ ਨਾਲ ਕਿੜ ਸੀ, ਮੈਂ ਕਿਹਾ ਤੇਰੇ ਸਰਦਾਰ ਦੀ ਖ਼ਬਰ ਤਾਂ ਮੈਂ ਬਾਦ ਚ ਲਵਾਂਗਾ, ਪਹਿਲਾਂ ਤੂੰ ਏਧਰ ਆ। ਮੈਂ ਰੋਟੀ ਵਾਲਾ ਡੱਬਾ ਖੋਹ ਕੇ, ਭਈਏ ਦੇ ਮਾਰੀਆਂ ਪੰਜ ਸੱਤ ਚਪੇੜਾਂ। ਉਹ ਉੱਚੀ ਉੱਚੀ ਰੌਲਾ ਪਾਉਂਦਾ ਭੱਜ ਗਿਆ, ਹਾਏ ਸਰਦਾਰ ਜੀ ਹਮੇਂ ਮਾਰ ਦੀਆ, ਹਮੇ ਬਚਾ ਲੋ। ਮੈਂ ਸੋਚ ਰਿਹਾ ਸੀ ਕਿ ਰੱਬ ਨੇ ਮੈਨੂੰ ਪ੍ਰਤੱਖ ਪ੍ਰਮਾਣ ਦਿੱਤਾ ਕਿ ਜੈਸੀ ਕਰਨੀ, ਵੈਸੀ ਭਰਨੀ।
ਸਰਦਾਰ ਦੀ ਰੋਟੀ ਅਸੀਂ ਖਾ ਲਈ। ਸਵੇਰ ਨੂੰ ਬਚਨ ਸਿੰਘ ਪੰਚਾਇਤ ਕੱਠੀ ਕਰੀ ਫਿਰੇ ਪਈ ਨਾਲੇ ਮੇਰਾ ਭਈਆ ਕੁੱਟਿਆ ਤੇ ਨਾਲੇ ਮੇਰੀ ਰੋਟੀ ਖੋਹ ਲਈ, ਮੈਂ ਰਾਤੀਂ ਭੁੱਖਾ ਸੁੱਤਾ। ਪੰਚਾਇਤ ਵਾਲੇ ਕਹਿਣ,ਭਈਏ ਤੂੰ ਪਛਾਣ ਲਵੇਂਗਾ ਮੁੰਡੇ ਕੌਣ ਸੀ ?
ਭਈਆ ਕਹਿੰਦਾ ਨਾ ਸਰਦਾਰ ਜੀ ਉਨਕੇ ਮੂੰਹ ਤੋ ਖੇਸੀ ਸੇ ਢਕੇ ਹੁਏ ਥੇ, ਮੈਂ ਕੈਸੇ ਪਹਿਚਾਨੂੰਗਾ। ਗੱਲ ਆਲ਼ੇ ਟਾਲ਼ੇ ਹੋ ਗਈ।
ਲੜਾਈ ਬਹੁਤ ਤੇਜ਼ ਹੋ ਗਈ, ਹਰ ਵੇਲੇ ਜਾਨ ਦਾ ਡਰ ਬਣਿਆ ਰਹਿਣਾ। ਇੱਕ ਦਿਨ ਅਸੀਂ ਕੰਮ ਤੇ ਗਏ ਸੀ ਤੇ ਸਾਡੀ ਰਿਹਾਇਸ਼ ਤੇ ਬੰਬ ਆ ਡਿੱਗਿਆ। ਸਭ ਕੁੱਝ ਤਬਾਹ ਹੋ ਗਿਆ, ਇੰਨਾ ਠੀਕ ਸਭ ਦੇ ਪੈਸੇ ਬਚ ਗਏ, ਅਸੀਂ ਆਪੋ ਆਪਣੇ ਫ਼ੋਰਮੈਨਾਂ ਕੋਲ ਫੜਾਏ ਹੋਏ ਸਨ। ਕੰਮ ਵੀ ਬੰਦ ਹੋ ਗਿਆ। ਇੱਕ ਮਹੀਨਾ ਅਸੀਂ ਆਪੋ ਆਪਣੇ ਦੋਸਤਾਂ ਮਿੱਤਰਾਂ ਕੋਲ ਸੁਰੱਖਿਅਤ ਥਾਵਾਂ ਤੇ ਪਹੁੰਚ ਗਏ। ਲੜਾਈ ਕਾਰਨ ਲਿਬਨਾਨ ਦੀ ਕਰੰਸੀ ਬਹੁਤ ਡੌਨ ਚਲੇ ਗਈ। ਜਿੱਥੇ 3ੌ ਲੀਰੇ ਦਾ ਡਾਲਰ ਬਣਦਾ ਸੀ, ਉੱਥੇ ਉਹਦੀ ਕੀਮਤ 1800 ਲੀਰੇ = 1 ਡਾਲਰ ਤੇ ਪਹੁੰਚ ਗਈ। ਹਰ ਰੋਜ਼ ਨਵੀਆਂ ਸਕੀਮਾਂ ਲੱਗਣੀ ਮਨਾਂ ਇੱਥੋਂ ਬਾਹਰ ਕਿਵੇਂ ਨਿੱਕਲਿਆ ਜਾਵੇ ਕਿਉਂਕਿ ਇੰਡੀਆ ਵਾਪਸ ਜਾ ਨਹੀਂ ਸੀ ਸਕਦੇ। ਫਿਰ ਮੇਰੇ ਅਮਰੀਕਾ ਵੱਸਦੇ ਭਰਾ ਨੇ ਮੈਨੂੰ 4000 ਡੌਲਰ ਭੇਜ ਦਿੱਤੇ ਤੇ ਗਰੀਸ ਵਿੱਚ ਰਹਿੰਦੇ ਇੱਕ ਏਜੰਟ ਮੱਖਣ ਦਾ ਸਿਰਨਾਵਾਂ ਤੇ ਫੋਨ ਨੰਬਰ ਭੇਜਿਆ, ਤੇ ਮੇਰੇ ਭਰਾ ਨੇ ਮੱਖਣ ਨਾਲ ਗੱਲ ਕਰ ਲਈ ਸੀ ਪਈ ਸਾਡੇ ਮੁੰਡੇ ਨੂੰ ਕਿਸੇ ਤਰਾਂ ਗਰੀਸ ਵਿੱਚੋਂ ਸ਼ਿੱਪ ਤੇ ਚੜ੍ਹਾ ਦੇ ਜੋ ਅਮਰੀਕਾ ਨੂੰ ਆਉਣ ਵਾਲਾ ਹੋਵੇ। ਮੱਖਣ ਗਰੀਸ ਦੇ ਪੀਰੀਅਸ ਸ਼ਹਿਰ ਵਿੱਚ ਰਹਿੰਦਾ ਸੀ। ਹੁਣ ਲਿਬਨਾਨ ਤੋਂ ਇੱਕ ਏਜੰਟ ਲੱਭਿਆ ਜੋ ਗਰੀਸ ਦਾ ਵੀਜਾ ਲੁਆ ਕੇ ਦੇਵੇ ਤੇ ਲਿਬਨਾਨ ਤੋਂ ਸੀਰੀਆ ਦਾ ਫਿਰ ਚੋਰੀ ਬਾਰਡਰ ਪਾਰ ਕਰਨਾ ਸੀ।
ਸੀਰੀਆ ਦਾ ਨਕਲੀ ਵੀਜਾ, ਲਿਬਨਾਨ ਵਿੱਚ ਇੱਕ ਏਜੰਟ ਨੇ ਲੁਆ ਦਿੱਤਾ ਸੀ। ਇਸ ਤਰਾਂ ਹੁਣ ਮੈਨੂੰ ਪਾਸਪੋਰਟ ਦੀ ਜ਼ਰੂਰਤ ਸੀ। ਪਿੰਡ ਬਹਿਰਾਮ ਦੇ ਨਾਲ ਲੱਗਦਾ ਛੋਟਾ ਜਿਹਾ ਪਿੰਡ ਕਾਲੂ-ਬਾਹਰ ਸੀ, ਉੱਥੇ ਦੇ ਮੁੰਡੇ ਸਤੀਸ਼ ਕੁਮਾਰ ਰਾਣੇ ਨੇ ਮੈਨੂੰ ਪਾਸਪੋਰਟ ਦੇ ਦਿੱਤਾ। ਕਹਿੰਦਾ ਮੇਰਾ ਤਾਂ ਅਮਰੀਕਾ ਕੈਨੇਡਾ ਕੋਈ ਨਹੀਂ। ਮੈਂ ਤਾਂ ਜਦੋਂ ਇੰਡੀਆ ਗਿਆ ਡਿਪੋਰਟ ਹੋ ਕੇ ਹੀ ਜਾਵਾਂਗਾ। ਉਹਨੇ ਮੈਥੋਂ ਪੈਸੇ ਵੀ ਨਹੀਂ ਲਏ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਲਿਬਨਾਨ ਵਿੱਚ ਹਰ ਤਰਾਂ ਦੀ ਨਸਲ ਦੇ ਪੰਜਾਬੀ ਮਿਲ ਜਾਂਦੇ ਨੇ। ਮੈਂ ਉਸਦਾ ਗੁਣ ਅਜੇ ਤਕ ਵੀ ਨਹੀਂ ਭੁੱਲਦਾ। ਇਸ ਤੋਂ ਬਾਦ ਮੈਂ ਅਮਰੀਕਾ ਵੱਲ ਚਾਲੇ ਪਾ ਦਿੱਤੇ। ਇਹਨੂੰ ਕਹਿੰਦੇ ਨੇ ਪਰਦੇਸ। ਜਿਹੜੇ ਸੌਖੇ ਢੰਗ ਨਾਲ ਵੀਜ਼ੇ ਲੁਆ ਕੇ ਆਉਂਦੇ ਹਨ, ਉਹਨਾਂ ਨੂੰ ਕੀ ਅਮਰੀਕਾ, ਕੈਨੇਡਾ ਦੀ। ਜਿਹੜੇ ਬੰਦੇ ਜ਼ਨਾਨੀਆਂ ਰਿਸ਼ਤੇਦਾਰਾਂ ਵਿੱਚ ਵਿਆਹ ਕਰਕੇ ਜਾਂ ਚਾਚੇ, ਮਾਮੇ, ਤਾਏ ਦੀਆਂ ਧੀਆਂ, ਪੁੱਤ ਬਣਕੇ ਆਏ ਹਨ। ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦਾ ਅਹਿਸਾਨ ਭੁੱਲਣਾ ਨਹੀਂ ਚਾਹੀਦਾ। ਮੇਰੇ ਵਰਗੇ ਨੇ ਜ਼ਿੰਦਗੀ ਦੇ ਦਸ ਸਾਲ ਗਾਲ ਕੇ ਭਗਤੀ ਕਰਕੇ ਸਿਟੀਜ਼ਨਸ਼ਿੱਪ ਲਈ ਹੁੰਦੀ ਆ। ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਸਪੌਂਸਰ ਕਰਕੇ ਬਾਹਰ ਮੰਗਾਉਂਦੇ ਹਨ ਤਾਂ ਉਨ੍ਹਾਂ ਦਾ ਗੁਣ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਕਿਉਂਕਿ ਤੁਸੀਂ ਉਨ੍ਹਾਂ ਦੀ ਭਗਤੀ ਦਾ, ਘਾਲੀਆਂ ਘਾਲਣਾਂ ਦਾ ਫਲ ਖਾਂਦੇ ਹੋ। ਜਿਸ ਤਰਾਂ ਇੰਡੀਆ ਰਹਿੰਦੇ ਕਹਿੰਦੇ ਹੁੰਦੇ ਸੀ, ਭਾਜੀ ਅਸੀਂ ਤੁਹਾਡਾ ਗੁਣ ਜ਼ਿੰਦਗੀ ਭਰ ਨਹੀਂ ਭੁਲਾਉਂਦੇ, ਤੁਹਾਡੇ ਪੈਰ ਧੋ ਧੋ ਕੇ ਪੀਵਾਂਗੇ।
ਉਹ ਵਾਅਦਾ, ਕਸਮਾਂ ਯਾਦ ਰੱਖਿਆ ਕਰੋ। ਪਰ ਅਸਲ ਵਿੱਚ ਉਹ ਲੋਕ ਇੱਥੇ ਆਣਕੇ ਨੇ। ਉਲਟਾ ਸਪੌਂਸਰ ਦੀਆਂ ਜੜ੍ਹਾਂ ਵਿੱਚ ਅੱਕ ਦੇਣਾ, ਸ਼ੁਰੂ ਕਰ ਦਿੰਦੇ ਹਨ। ਉਹਨਾਂ ਦੇ ਪਿੱਛੇ ਲੱਤ ਮਾਰ ਕੇ ਕਹਿੰਦੇ ਹਨ ਕਿ ਸਾਡੀ ਤਾਂ ਕਿਸਮਤ ਵਿੱਚ ਲਿਖਿਆ ਸੀ ਆ ਗਏ। ਸਪੌਂਸਰ ਨੇ ਐਪਲੀਕੇਸ਼ਨਾਂ ਐਫ਼ੀਡੇਵਿਟ ਭਰੇ ਹੁੰਦੇ ਹਨ। ਗੌਰਮਿੰਟ ਨੂੰ ਆਪਣੀ ਜੇਬ ਵਿੱਚੋਂ ਪੈਸੇ ਦੇ ਕੇ ਵਾਧੂ ਟੈਕਸ ਤਾਰਿਆਂ ਹੁੰਦਾ ਕਿ ਰਿਸ਼ਤੇਦਾਰਾਂ ਦੇ ਵੀਜ਼ੇ ਦੇ ਰਾਹ ਵਿੱਚ ਕੋਈ ਰੋਕ ਨਾ ਪਵੇ। ਉਸ ਵੇਲੇ ਬਹੁਤ ਦੁੱਖ ਹੁੰਦਾ ਹੈ ਜਦੋਂ ਕਹਿ ਦਿੰਦੇ ਨੇ, ਤੁਸੀਂ ਨਾ ਭਰਦੇ ਪੇਪਰ, ਅਸੀਂ ਕਿਹੜਾ ਇੰਡੀਆ ਭੁੱਖੇ ਮਰਦੇ ਸੀ। ਯਾਦ ਰੱਖੋ ਜਦੋਂ ਇੰਡੀਆ ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਸੀ, ਸ੍ਰੀ ਹਰਿਮੰਦਰ ਸਾਹਿਬ ਜਾ ਕੇ ਨੱਕ ਰਗੜਦੇ ਸੀ ਕਿ ਬਾਬਾ ਜੀ ਸਾਡਾ ਜਲਦੀ ਕੰਮ ਬਣਾਦੇ, ਅਸੀਂ ਅਖੰਡ ਪਾਠ ਕਰਾਵਾਂਗੇ। ਜਦੋਂ ਅਸੀਂ ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਹਾਂ ਤਾਂ ਰੱਬ ਧਰਤੀ ਤੇ ਆ ਕੇ ਆਪ ਬਾਂਹ ਨਹੀਂ ਫੜਦਾ। ਉਹ ਕਿਸੇ ਪੁਰਸ਼ ਰਾਹੀਂ ਤੁਹਾਡੀ ਮਦਦ ਕਰਦਾ ਹੈ। ਮੇਰੇ ਵਰਗੇ ਕਿਸੇ ਇਨਸਾਨ ਦੇ ਮਨ ਸੁਮੱਤਿਆ ਬਖ਼ਸ਼ਦਾ ਹੈ ਕਿ ਇਸ ਬੰਦੇ ਦੀ ਮਦਦ ਕਰੋ। ਜਦੋਂ ਤੁਸੀਂ ਮਦਦ ਕਰਨ ਵਾਲੇ ਦੇ ਲੱਤ ਮਾਰਦੇ ਹੋ ਤਾਂ ਸਮਝੋ, ਉਸ ਪਰਮਾਤਮਾ ਦੇ ਵੀ ਲੱਤ ਮਾਰਦੇ ਹੋ। ਯਾਦ ਰੱਖੋ, ਰੱਬ ਦੇ ਘਰ ਦੇਰ ਹੈ ਹਨ੍ਹੇਰ ਨਹੀਂ। ਲੇਖਾ ਜੋਖਾ ਇੱਥੇ ਹੀ ਨਿੱਬੜ ਜਾਂਦਾ ਹੈ। ਉੱਪਰ ਜਾ ਕੇ ਕਿਸੇ ਨੇ ਨਹੀਂ ਦੱਸਿਆ ਕਿ ਕੀ ਹੁੰਦਾ। ਇਹ ਸਭ ਮਨਘੜਤ ਕਹਾਣੀਆਂ ਹਨ। ਇੰਨੇ ਵੀ ਚਲਾਕ ਨਾ ਬਣੋ ਕਿ ਸਾਹਮਣੇ ਵਾਲੇ ਨੂੰ ਬੇਵਕੂਫ਼ ਸਮਝੋ। ਜਿਸ ਨੂੰ ਤੁਸੀਂ ਧੋਖਾ ਦੇ ਕੇ ਖ਼ੁਸ਼ ਹੁੰਦੇ ਹੋ! ਜ਼ਰਾ ਸੋਚੋ ਉਸ ਬੰਦੇ ਨੇ ਤੁਹਾਡੇ ਤੇ ਕਿੰਨਾ ਵਿਸ਼ਵਾਸ਼ ਕੀਤਾ ਹੋਵੇਗਾ। ਵਿਸ਼ਵਾਸ਼ਘਾਤ ਕਰਨ ਵਾਲਾ ਹਮੇਸ਼ਾਂ ਨਰਕਾਂ ਦਾ ਭਾਗੀ ਹੁੰਦਾ ਹੈ।
ਲੇਖਕ - ਅਮਰਜੀਤ ਚੀਮਾਂ
+1(716)908-3631