ਮੋਹਾਲੀ : ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੁਆਰਾ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਰਹਿਨੁਮਾਈ ਹੇਠ ਕੇ.ਵੀ.ਕੇ. ਫਾਰਮ, ਮਾਜਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਮਾਣਯੋਗ ਡਾ. ਇੰਦਰਜੀਤ ਸਿੰਘ, ਉੱਪ ਕੁੱਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਆਨ ਯੂਨੀਵਰਸਿਟੀ, ਲੁਧਿਆਣਾ ਸਨ। ਉਹਨਾਂ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸੁਚਾਰੂ ਢੰਗ ਨਾਲ ਡੇਅਰੀ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ ਆਦਿ ਖੇਤੀ ਸਹਾਇਕ ਧੰਦਿਆਂ ਅਤੇ ਇਹਨਾਂ ਦੇ ਸੁਮੇਲ ਸੰਬੰਧੀ ਨੁਕਤੇ ਸਾਂਝੇ ਕੀਤੇ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਡਾ. ਪ੍ਰਕਾਸ਼ ਸਿੰਘ ਬਰਾੜ, ਡਾਇਰੈਕਟਰ ਪਸਾਰ ਸਿਖਿਆ ਨੇ ਕਿਸਾਨਾਂ ਨੂੰ ਪਸ਼ੂ ਪਾਲਣ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਕੇ. ਵੀ. ਕੇ. ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਪ੍ਰੇਰਿਆ।
ਇਸ ਮੌਕੇ ਯੂਨੀਵਰਸਿਟੀ ਤੋਂ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਵੈਟਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ ਤੋਂ ਡਾ. ਪ੍ਰਤੀਕ ਸਿੰਘ ਧਾਲੀਵਾਲ ਸ਼ਾਮਿਲ ਸਨ। ਡਾ. ਮੁਨੀਸ਼ ਸ਼ਰਮਾ, ਡਾ. ਹਰਮੀਤ ਕੌਰ ਅਤੇ ਡਾ. ਕੋਮਲ ਨੇ ਕੁਦਰਤੀ ਖੇਤੀ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਤੇ ਯੂਨੀਵਰਸਿਟੀ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਇਕੱਠੇ ਕੀਤੇ ਫੰਡ ਤੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਰਗੀਆਂ ਦੇ ਚੂਚੇ, ਫੀਡ ਅਤੇ ਪੋਲਟਰੀ ਜਾਲ ਵੰਡੇ ਗਏ। ਇਸਦੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਵਰਾਜ ਇੰਜਣ ਲਿਮਿਟਿਡ ਫੰਡਿਡ ਪ੍ਰੋਜੈਕਟ ਤਹਿਤ ਸਵੈ ਸਹਾਇਤਾ ਸਮੂਹ ਦੀਆਂ ਬੀਬੀਆਂ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ ਸਿਲਾਈ ਮਸ਼ੀਨਾ ਵੰਡੀਆਂ ਗਈਆਂ। ਅੰਤ ਵਿੱਚ ਡਾ. ਬਲਬੀਰ ਸਿੰਘ ਖੱਦਾ ਨੇ ਪੋ੍ਰਗਰਾਮ ਵਿੱਚ ਆਏ ਸਾਰੇ ਮਹਿਮਾਨਾਂ, ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ।