ਬੱਸੀ ਪਠਾਣਾਂ : ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬੱਸੀ ਪਠਾਣਾਂ ਵਿਖੇ ਕਰੀਬ 08 ਕਰੋੜ 65 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਬ ਡਵੀਜ਼ਨਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਤੇ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਇੱਕੋ ਥਾਂ ਵੱਖੋ ਵੱਖ ਵਿਭਾਗਾਂ ਦੀਆਂ ਸੇਵਾਵਾਂ ਮਿਲਣਗੀਆਂ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ। ਹਲਕਾ ਵਿਧਾਇਕ ਨੇ ਕਿਹਾ ਕਿ ਇਸ ਕੰਪਲੈਕਸ ਵਿਚ ਐਸ.ਡੀ.ਐਮ. ਦਫ਼ਤਰ, ਡੀ.ਐਸ.ਪੀ. ਦਫ਼ਤਰ, ਤਹਿਸੀਲਦਾਰ ਦਫ਼ਤਰ, ਫ਼ਰਦ ਕੇਂਦਰ, ਤਹਿਸੀਲ ਦਫ਼ਤਰ, ਬੀ.ਡੀ.ਪੀ.ਓ. ਦਫ਼ਤਰ ਅਤੇ ਹੋਰ ਵੇਖੋ ਵੱਖ ਵਿਭਾਗਾਂ ਦੇ ਦਫਤਰ ਹੋਣਗੇ। ਉਨ੍ਹਾਂ ਦਸਿਆ ਕਿ ਇਹ ਕੰਪਲੈਕਸ ਜਲਦ ਮੁਕੰਮਲ ਹੋ ਜਾਵੇਗਾ ਤੇ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰ ਕੇ ਬਹੁਤ ਲਾਭ ਪਹੁੰਚਾਏਗਾ। ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੂਬੇ ਭਰ ਵਿਚ ਅਜਿਹੇ ਆਧੁਨਿਕ ਕੰਪਲੈਕਸ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਸੇਵਾ ਦੇ ਇਸ ਮੰਤਵ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਸ. ਹੈਪੀ ਨੇ ਕਿਹਾ ਕਿ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਸੂਬਾ ਸਰਕਾਰ ਨੇ ਕਈ ਲੋਕ-ਪੱਖੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਬਿੱਲ ਉਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਇਆ ਕਰ ਰਹੀ ਹੈ ਅਤੇ ਸੂਬੇ ਵਿੱਚ 90 ਫੀਸਦੀ ਤੋਂ ਵੱਧ ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਦੀ ਅਹਿਮੀਅਤ ਦੱਸਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਸ ਸੁਪਨਮਈ ਪ੍ਰੋਗਰਾਮ ਨੇ ਸੂਬੇ ਤੇ ਲੋਕਾਂ ਲਈ ਖ਼ੁਸ਼ਹਾਲੀ ਦੇ ਨਵੇਂ ਬੂਹੇ ਖੋਲ੍ਹੇ ਹਨ, ਜਿਸ ਨਾਲ ਲੋਕਾਂ ਨੂੰ ਇਕ ਫੋਨ ਕਾਲ ਉੱਤੇ ਘਰ ਬੈਠੇ ਜਾਂ ਕੈਂਪਾਂ ਦੇ ਰੂਪ ਵਿੱਚ ਘਰਾਂ ਨੇੜੇ ਸਰਕਾਰੀ ਸੇਵਾਵਾਂ ਮਿਲੀਆਂ ਹਨ। ਹਲਕਾ ਵਿਧਾਇਕ ਨੇ ਕਿਹਾ ਕਿ ਹਲਕੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ ਉੱਤੇ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਹਲਕੇ ਵਿੱਚ ਵਿਕਾਸ ਕਾਰਜ ਕਰਵਾਉਣ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸਰਗਰਮ ਭੂਮਿਕਾ ਨਿਭਾ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਤੇ ਸੂਬੇ ਦੀ ਤਰੱਕੀ ਵਿੱਚ ਸਰਕਾਰ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਵਧੀਕ ਡਿਪਟੀ ਕਮਿਸ਼ਨਰ ਜਨਰਲ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਸ਼੍ਰੀਮਤੀ ਇਸ਼ਾ ਸਿੰਗਲ, ਐੱਸ.ਡੀ.ਐਮ. ਸ੍ਰੀ ਸੰਜੀਵ ਕੁਮਾਰ, ਸੂਬੇਦਾਰ ਜਗਜੀਤ ਸਿੰਘ, ਰਾਜ ਕੁਮਾਰ ਪੁਰੀ ਐਮ ਸੀ, ਹਰਦੀਪ ਕੌਰ ਢਿੱਲੋਂ ਐਮ ਸੀ, ਬਿੰਦੂ ਐਮ ਸੀ, ਰਜਨੀ ਤੁਲਾਨੀ, ਜਸਵਿੰਦਰ ਸਿੰਘ ਪਿੰਕਾ, ਜਸਵੀਰ ਸਿੰਘ ਢਿੱਲੋਂ, ਰਾਜੀਵ ਕੁਮਾਰ, ਮਨਪ੍ਰੀਤ ਸੋਮਲ, ਗੁਰਦੀਪ ਸਿੰਘ ਪ੍ਰਧਾਨ ਐਮ ਸੀ ਖਮਾਣੋਂ, ਪਰਵਿੰਦਰ ਸਿੰਘ ਐਮ ਸੀ, ਇੰਦਰੀ, ਮਿੰਟੂ ਬਾਜਵਾ, ਕਸ਼ਮੀਰ ਸਿੰਘ, ਬਲਜੀਤ ਕੌਰ, ਹਰਪ੍ਰੀਤ ਧੀਮਾਨ, ਜਗਜੀਤ ਸਿੰਘ, ਜਸਪਾਲ ਸਿੰਘ ਸਮੇਤ ਪਤਵੰਤੇ ਹਾਜ਼ਰ ਸਨ।