ਮੋਹਾਲੀ : ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਮਿਤ ਜੈਨ ਨੇ ਅਚਨਚੇਤ ਸ੍ਰੀ ਰਾਧੇ ਕ੍ਰਿਸ਼ਨ ਗਊਸ਼ਾਲਾ ਪਿੰਡ ਨਾਢਾ ਜ਼ਿਲਾ ਮੋਹਾਲੀ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਇਸ ਗਊਸ਼ਾਲਾ ਵਿੱਚ ਕਾਫੀ ਕਮੀਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਨੂੰ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਰਜਿਸਟਰ ਕਰਨ ਵਾਸਤੇ ਘੱਟੋ-ਘੱਟ 50 ਗਊ ਧਨ ਦਾ ਹੋਣਾ ਅਤੀ ਜਰੂਰੀ ਹੈ ਪਰ ਇਸ ਗਊਸ਼ਾਲਾ ਵਿੱਚ ਸਿਰਫ 32 ਗਊਧਨ ਸੀ।
ਉਨ੍ਹਾਂ ਕਿਹਾ ਕਿ ਹੋਰਨਾਂ ਗਊਸ਼ਲਾਵਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਵੱਲੋਂ ਗਊ ਸੇਵਾ ਕਮਿਸ਼ਨ ਨਾਲ ਰਜਿਸਟਰਡ ਗਊਸ਼ਲਾਵਾਂ ਨੂੰ ਮਿਲਦੀਆਂ ਸਹੂਲਤਾਂ, ਜਿਵੇਂ ਗਰਾਂਟ, ਮੁਫਤ ਬਿਜਲੀ ਦੀ ਸਹੂਲਤ ਆਦਿ ਦੇ ਸਦ-ਉਪਯੋਗ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਊ ਧੰਨ ਦੀ ਸਾਂਭ-ਸੰਭਾਲ ਲਈ ਰੱਖੀਆਂ ਗਈਆਂ ਸ਼ਰਤਾਂ ਦੀ ਪੂਰਣ ਰੂਪ ਚ ਪਾਲਣਾ ਕੀਤੀ ਜਾਵੇ।