ਮੋਹਾਲੀ : ਅੱਜ ਹਰ ਖੇਤਰ ਵਿੱਚ ਔਰਤਾਂ ਤੇ ਪੁਰਸ਼ਾਂ ਦਾ 50-50 ਯੋਗਦਾਨ ਹੈ, ਔਰਤ ਦਾ ਦੇਵੀ ਦੇ ਰੂਪ ‘ਚ ਸਨਮਾਨ ਹੈ ਤੇ ਸਾਡੇ ਮਹਾਨ ਸੰਸਕ੍ਰਿਤੀ ਵਾਲੇ ਮੁਲਕ ਵਿੱਚ ਔਰਤ ਨੂੰ ਸ਼ਕਤੀ ਵਜੋਂ ਦੇਖਿਆ ਜਾਂਦਾ ਹੈ। ਔਰਤ ਤੋਂ ਹੀ ਸਮਾਜ ਨੂੰ ਸ਼ਕਤੀ ਮਿਲਦੀ ਹੈ, ਇਤਿਹਾਸ ਵਿੱਚ ਝਾਂਸੀ ਕੀ ਰਾਣੀ ਲਕਸ਼ਮੀ ਬਾਈ ਸਮੇਤ ਅਨੇਕਾਂ ਮਹਾਨ ਔਰਤਾਂ ਦੀਆਂ ਉਦਾਹਰਨਾਂ ਹਨ, ਮਹਾਰਜਾ ਰਣਜੀਤ ਸਿੰਘ ਦੀ ਮਹਾਰਾਣੀ ਜਿੰਦ ਕੌਰ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਭੁਲਾ ਦਿਆਂਗੇ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੇ ਮੋਹਾਲੀ ਕਲੱਬ ਵਿਖੇ ਦਿਸ਼ਾ ਇੰਡੀਅਨ ਅਵਾਰਡ ਦੌਰਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਬਨਵਾਰੀ ਲਾਲ ਪੁਰੋਹਿਤ, ਰਾਜਪਾਲ ਪੰਜਾਬ ਅਤੇ ਯੂਟੀ ਪ੍ਰਸ਼ਾਸਕ ਵੱਲੋਂ ਹਾਜ਼ਰ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ ।
ਜਿਕਰਯੋਗ ਹੈ ਕਿ ਵੱਖ-ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਉੱਤਮ ਔਰਤਾਂ ਲਈ ਸੀਨੀਅਰ ਪੱਤਰਕਾਰ ਤੇ ਸਮਾਜ ਸੇਵੀ ਹਰਦੀਪ ਕੌਰ ਪ੍ਰਧਾਨ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ (ਰਜਿ) ਪੰਜਾਬ ਵੱਲੋਂ ਹਰ ਸਾਲ ਦਿਸ਼ਾ ਇੰਡੀਅਨ ਐਵਾਰਡ ਦਾ ਆਯੋਜਨ ਕੀਤਾ ਜਾਂਦਾ ਹੈ । ਇਸੇ ਲੜੀ ਤਹਿਤ ਟਰੱਸਟ ਵੱਲੋਂ ਕਰਵਾਇਆ ਗਿਆ ਇਹ ਚੌਥਾ ਐਵਾਰਡ ਸਮਾਰੋਹ ਸੀ ।
ਜਿਸ ਦੇ ਅੰਤਰਗਤ ਅੱਜ ਪੰਜਾਬ ਦੇ ਰਾਜਪਾਲ ਵੱਲੋਂ ਦਿਸ਼ਾ ਇੰਡੀਅਨ ਐਵਾਰਡ ਨਾਲ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਅਤੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ 4 ਪੁਰਸ਼ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ।
ਵੱਖ-ਵੱਖ ਖੇਤਰਾਂ ‘ਚ ਯੋਗਦਾਨ ਪਾਉਣ ਵਾਲੀਆਂ ਨਾਮੀ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿਸ਼ਾ ਟਰੱਸਟ ਦੇ ਕੰਮਾਂ ਨੂੰ ਸਰਾਹਿਆ। ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਆਵਾਰਡੀਜ ਨੂੰ ਪੰਜਾਬ ਦੇ ਹੀਰੇ ਕਹਿਕੇ ਵਧਾਈ ਦਿੱਤੀ ਅਤੇ ਕਿਹਾ ਕਿ ਪੁਰਸਕਾਰ ਹਾਸਲ ਕਰਨ ਵਾਲੇ ਸਾਰੇ ਹੀਰੇ ਆਪਣੇ ਕੰਮਾਂ ਤੇ ਸੇਵਾਵਾਂ ਨਾਲ ਦੁਨੀਆ ‘ਚ ਚਮਕਣਗੇ।
ਪੁਰਸਕਾਰ ਹਾਸਲ ਕਰਨ ਵਾਲੇ ਹੀਰਿਆਂ ਨੂੰ ਗਵਰਨਰ ਨੇ ਸਭ ਨੂੰ ਆਪਣੀ ਸ਼ਕਤੀ ਭਾਰਤ ਦੀ ਸੇਵਾ ‘ਚ ਲਗਾਉਣ ਦਾ ਸੁਨੇਹਾ ਦਿੱਤਾ ਤਾਂਕਿ ਮੁਲਕ ਨੂੰ ਵਿਸ਼ਵ ਗੁਰੂ ਬਣਾ ਸਕੀਏ। ਧੀਆਂ ਨੂੰ ਖਾਸ ਤੇ ਖੂਬਸੂਰਤ ਸੁਨੇਹਾ ਦਿੱਤਾ ਇਮਾਨਦਾਰ ਬਣਨਾ ਹੈ ਤਾਂ ਸਾਦੇ ਰਹੋ ਤੇ ਕਿਤਾਬ ਵਰਗੇ ਬਣੋ ਜਿਸਦੇ ਅਲਫਾਜ ਸਦੀਆਂ ਪੁਰਾਣੀ ਹੋਣ ਦੇ ਬਾਵਜੂਦ ਵੀ ਨਹੀਂ ਬਦਲਦੇ।
ਹਰਦੀਪ ਕੌਰ ਦਾ ਮੰਨਣਾ ਹੈ ਕਿ ਮਹਿਲਾ ਸਸ਼ਕਤੀਕਰਨ ਦਿਖਾਵੇ ਦੀ ਬਜਾਏ ਵਿਹਾਰਕ ਹੋਣਾ ਚਾਹੀਦਾ ਹੈ । ਜਿਸ ਦੇ ਚਲਦੇ ਹੋਏ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ" ਜਾਗ ਭੈਣੇ ਜਾਗ " ਮੁਹਿੰਮ ਦੇ ਤਹਿਤ ਔਰਤਾਂ ਨੂੰ ਆਪਣੀ ਹੱਕਾਂ ਅਤੇ ਕਰਤਵਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਦਿਸ਼ਾ ਰੁਜ਼ਗਾਰ ਮੁਹਿੰਮ ਦੇ ਅੰਤਰਗਤ 194 ਕੁੜੀਆਂ ਨੂੰ ਰੁਜ਼ਗਾਰ ਮਿਲਿਆ ਹੈ ਜੋ ਸਮੁੱਚੇ ਸਮਾਜ ਨੂੰ ਨਾਰੀ ਸਸ਼ਕਤੀਕਰਨ ਦਾ ਸੰਦੇਸ਼ ਦਿੰਦਾ ਹੈ ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ (ਰਜਿ) ਪੰਜਾਬ ਔਰਤਾਂ ਨੂੰ ਸਮਾਜ ਵਿੱਚ ਅੱਗੇ ਲਿਆਉਣ ਲਈ ਉਪਰਾਲੇ ਕਰ ਰਿਹਾ ਹੈ ਤੇ ਆਪਣੀ ਇਸ ਮਿਹਨਤ ਦੇ ਸਦਕਾ ਚੌਥੀ ਵਾਰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਇਹ ਪੂਰੇ ਸਮਾਜ ਨੂੰ ਔਰਤਾਂ ਦੇ ਸਨਮਾਨ ਦਾ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ।
ਇਸ ਮੌਕੇ ਹਰਦੀਪ ਕੌਰ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਦੀ ਕੋਈ ਵੀ ਔਰਤ ਸਸ਼ਕਤੀਕਰਨ ਵੱਲ ਹੋਰ ਕਦਮ ਪੁੱਟਣਾ ਚਾਹੁੰਦੀ ਹੈ ਤਾਂ ਉਹ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ ਅਤੇ ਔਰਤਾਂ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹੇਗੀ |
ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਪਦਮ ਸ਼੍ਰੀ ਐਵਾਰਡੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਮੈਡਮ ਜਗਜੀਤ ਕੌਰ ਦਰਦੀ ਵੱਲੋਂ ਔਰਤਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਪਹਿਚਾਨਣ ਲਈ ਪ੍ਰੇਰਿਤ ਕੀਤਾ ਗਿਆ । ਇਸ ਦੌਰਾਨ ਜੱਸੀ ਸੋਹੀਆਂ ਵਾਲਾ ਚੇਅਰਮੈਨ ਜਿਲਾ ਯੋਜਨਾ ਬੋਰਡ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ।
ਹੋਰਨਾਂ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਸਰਦਾਰ ਮਨਜੀਤ ਸਿੰਘ ਐਗਜੀਕਿਊਟਿਵ ਚੇਅਰਮੈਨ ਦੁਆਬਾ ਗਰੁੱਪ , ਉੱਘੇ ਸਮਾਜ ਸੇਵੀ ਹਰਜੀਤ ਸਿੰਘ ਸੱਭਰਵਾਲ, ਜਸਪਾਲ ਸਰਪੰਚ ਜੀਰਕਪੁਰ, ਜਸਵਿੰਦਰ ਸਿੰਘ , ਦੀਪ ਮੀਡੀਆ ਰਿਲੇਸ਼ਨ ਦੇ ਡਾਇਰੈਕਟਰ ਗਗਨਦੀਪ ਸਿੰਘ ਵਿਰਕ, ਗੁਰਮੇਲ ਸਿੰਘ ਦਾਰਾ ਲੋਹਗੜ, ਐਨ ਐਸ ਐਨ ਗਰੁੱਪ ਤੋਂ ਨਵਜੀਤ ਕੌਰ ਅਤੇ ਸ਼ੁਬੀ ਤੋਂ ਇਲਾਵਾ ਲਗਭਗ ਭਾਰੀ ਗਿਣਤੀ ਵਿੱਚ ਪੂਰੇ ਪੰਜਾਬ ਭਰ ਤੋਂ ਮਹਿਲਾਵਾਂ ਹਾਜ਼ਰ ਸਨ