ਲਾਲੜੂ : ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਹਲਕਾ ਪਟਿਆਲਾ ਤੋਂ ਚੋਣ ਮੈਦਾਨ ’ਚ ਉਤਾਰੇ ਗਏ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਅੱਜ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਲਾਲੜੂ ਵਿਖੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕ੍ਰਿਸਟਲ ਗਾਰਡਨ ਰਿਜੋਰਟ ਵਿੱਚ ਵਰਕਰ ਮਿਲਣੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੁਭਾਸ਼ ਸ਼ਰਮਾ ਵਾਈਸ ਚੇਅਰਮੈਨ ਸੀਵਰੇਜ ਅਤੇ ਵਾਟਰ ਸਪਲਾਈ,ਆਪ ਜਿਲਾ ਪ੍ਰਧਾਨ ਪ੍ਰਭਜੋਤ ਕੌਰ,ਨਾਲ਼ ਸਮੂਹ ਬਲਾਕ ਪ੍ਰਧਾਨਾਂ, ਵਿੰਗ ਪ੍ਰਧਾਨਾਂ, ਕੌਂਸਲ ਪ੍ਰਧਾਨਾਂ, ਕੌਂਸਲਰਾਂ ਤੇ ਵੱਖ ਵੱਖ ਅਹੁਦੇਦਾਰਾਂ ਨੇ ਸ਼ਮੁਲੀਅਤ ਕੀਤੀ ।ਇਸ ਮੌਕੇ ਡਾ ਬਲਬੀਰ ਸਿੰਘ ਨੇ ਕਿਹਾ ਕਿ ਭਾਜਪਾ ਨੇ ਈਡੀ, ਸੀਬੀਆਈ ਅਤੇ ਆਈਟੀ ਰਾਹੀਂ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਫੈਲਾਇਆ ਹੈ, ਜਿਸ ਦਾ ਖੁਲਾਸਾ ਚੋਣ ਬਾਂਡ ਦੀ ਰਿਪੋਰਟ ਤੋਂ ਹੋਇਆ ਹੈ। ਭਾਜਪਾ ਦੇਸ਼ ਭਰ ਵਿੱਚ ਪਾਰਟੀਆਂ ਨੂੰ ਤਬਾਹ ਕਰ ਰਹੀ ਹੈ। ਭਾਜਪਾ ਨੇ ਈਡੀ ਦੀ ਦੁਰਵਰਤੋ ਕਰਕੇ ਅਰਵਿੰਦ ਕੇਜਰੀਵਾਲ ਉਪਰ ਝੂਠਾ ਕੇਸ ਪਾਇਆ ਹੈ । ਉਨ੍ਹਾਂ ਕਿਹਾ, “ਭਾਜਪਾ ਕੇਜਰੀਵਾਲ ਅਤੇ ਉਹਨਾਂ ਦੀ ਸੋਚ ਤੋਂ ਡਰ ਰਹੀ ਹੈ। ਅੱਜ ਦੇਸ਼ ਦੇ ਲੋਕ ਸਾਹਮਣੇ ਆ ਰਹੇ ਹਨ। ਬੀਜੇਪੀ ਆਪਣਾ ਅਧਾਰ ਖਤਮ ਕਰ ਚੁੱਕੀ ਹੈ।
ਉਨ੍ਹਾਂ ਅੱਗੇ ਭਾਜਪਾ ਦੇ 400 ਪਾਰ ਵਾਲੇ ਨਾਅਰੇ ਉੱਤੇ ਤੰਜ ਕਸਦਿਆਂ ਕਿਹਾ ਕਿ ਇਸ ਵਾਰ ਭਾਜਪਾ 200 ਦਾ ਅੰਕੜਾ ਵੀ ਪਾਰ ਨਹੀਂ ਕਰੇਗੀ। ਇਸ ਦੇ ਨਾਲ ਹੀ ਸਿਆਸੀ ਵਿਰੋਧੀਆਂ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਹੋਈ ਸੀ ਉਵੇਂ ਹੀ ਪਰਨੀਤ ਕੌਰ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਵੇਗਾ। ਡਾ ਬਲਬੀਰ ਸਿੰਘ ਨੇ ਅੱਗੇ ਕਿਹਾ, ‘‘ਹੁਣ ਅਸੀਂ ਭਾਜਪਾ ਤੋਂ ਪਿਛਲੇ 10 ਸਾਲ ਦਾ ਹਿਸਾਬ ਲਵਾਂਗੇ। ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੋ ਕਰੋੜ ਨੌਕਰੀਆਂ ਹਰੇਕ ਸਾਲ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਹੋਇਆ ਹੈ। ਭਾਜਪਾ ਦੇ ਰਾਜ ਵਿੱਚ ਮਹਿੰਗਾਈ ਵਿੱਚ ਰਿਕਾਰਡ ਵਾਧਾ ਹੋਇਆ। 300 ਰੁਪਏ ਦਾ ਸਿਲੰਡਰ 800 ਰੁਪਏ ਹੋ ਗਿਆ ਅਤੇ ਡੀਜ਼ਲ ਤੇ ਪੈਟਰੋਲ ਦੇ ਰੇਟ 35 ਫੀਸਦੀ ਵਧੇ। ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਪਹੁੰਚ ਗਿਆ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਟੈਂਡਰ ਘੁਟਾਲੇ ਸਾਹਮਣੇ ਆ ਰਹੇ ਹਨ। ਇਸ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡਾ ਬਲਬੀਰ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਪਟਿਆਲਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਉਨ੍ਹਾਂ ਨੂੰ ਵੱਡੇ ਮਾਰਜਨ ਨਾਲ ਜਿੱਤ ਦਿਵਾਈ ਜਾਵੇਗੀ । ਜਿਸ ਲਈ ਪਾਰਟੀ ਵਰਕਰਾਂ ਵੱਲੋਂ ਡੋਰ ਟੂ ਡੋਰ ਕੰਪੇਨਿੰਗ ਕੀਤੀ ਜਾ ਰਹੀ ਹੈ।