ਲਾਲੜੂ : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਿਕ ਅੱਜ ਲਾਲੜੂ ਤੇ ਹੰਡੇਸਰਾ ਖੇਤਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਪਿੰਡ ਲਾਲੜੂ ਵਿਖੇ ਅੱਜ ਛੇਵੀਂ ਜਮਾਤ ਤੋਂ ਲੈ ਕੇ ਗਿਆਰਵੀਂ ਜਮਾਤ ਤੱਕ (ਨਾਨ ਬੋਰਡ ਜਮਾਤਾਂ) ਦੇ ਨਤੀਜੇ ਵਿਦਿਆਰਥਣਾਂ ਨੂੰ ਸੌਂਪੇ ਗਏ।ਇਸ ਮੌਕੇ ਵੱਡੀ ਗਿਣਤੀ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੇ ਹਾਜ਼ਰੀ ਲਗਵਾਈ।ਕੰਨਿਆ ਸਕੂਲ ਦੀ ਪ੍ਰਿੰਸੀਪਲ ਦੇਵਿੰਦਰ ਪਾਲ ਕੌਰ ਨੇ ਵਿਦਿਆਰਥਣਾਂ ਨੂੰ ਪੂਰੇ ਸਾਲ ਦੀ ਕੀਤੀ ਪੜਾਈ ਸਬੰਧੀ ਤਿਆਰ ਕੀਤੇ ਰਿਪੋਰਟ ਕਾਰਡ ਸੋਪਦਿਆਂ ਵਧੀਆਂ ਨੰਬਰਾਂ ਨਾਲ ਪਾਸ ਹੋਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਸਾਲ ਵੀ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਜ਼ਰੂਰ ਦੇਣ ਤਾਂ ਜੋ ਭਵਿੱਖ ਵਿੱਚ ਪੜ ਲਿਖ ਕੇ ਬੱਚੇ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਬਣਦਾ ਰੋਲ ਅਦਾ ਕਰਨ।ਉਨ੍ਹਾਂ ਕਿਹਾ ਕਿ ਸਕੂਲ ਵਿੱਚ ਦਾਖਲੇ ਸ਼ੁਰੂ ਹਨ ਤੇ ਵਿਦਿਆਰਥਣਾਂ ਜਲਦ ਦਾਖਲੇ ਲੈ ਕੇ ਪੜ੍ਹਾਈ ਸ਼ੁਰੂ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਪਰਵਿੰਦਰ ਕੌਰ,ਮੈਡਮ ਰਸਮੀ ਤੇ ਮੈਡਮ ਹਰਜੀਤ ਕੌਰ ਆਦਿ ਹਾਜ਼ਰ ਸਨ। ਇਸੇ ਪ੍ਰਕਾਰ ਪਿੰਡ ਕਸੌਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਾਲਾਨਾ ਨਤੀਜੇ ਦੇ ਕਾਰਡ ਵੰਡੇ ਗਏ। ਇਸ ਮੌਕੇ ਐਸਬੀਐਲ ਸਪੈਸਲੀਟੀ ਕੋਟਿੰਗ ਡੇਰਾਬੱਸੀ ਦੇ ਡਿਪਟੀ ਜਨਰਲ ਮੈਨੇਜਰ ਰਾਜੀਵ ਗਰਗ ਨੇ ਸ਼ਮੂਲੀਅਤ ਕਰਦਿਆਂ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ। ਕਸੌਲੀ ਸਕੂਲ ਦੇ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਐਸਬੀਐਲ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਕੂਲ ਵਿੱਚ ਕਮਰਿਆਂ ਦੀ ਉਸਾਰੀ ਤੋਂ ਲੈ ਕੇ ਹੋਰ ਕੰਮ ਕਾਰਜਾਂ ਵਿੱਚ ਆਪਣੇ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੇ ਲਈ ਅੱਜ ਉਨ੍ਹਾਂ ਨੂੰ ਸਕੂਲ ਵਿੱਚ ਸੱਦਿਆ ਗਿਆ ਹੈ ਤਾਂ ਜੋ ਉਹ ਸਕੂਲ ਦੀ ਕਾਰਗੁਜਾਰੀ ਬਾਰੇ ਵੀ ਜਾਣੂ ਹੋ ਸਕਣ। ਰਾਜੀਵ ਗਰਗ ਨੇ ਸਕੂਲ ਮੁੱਖੀ ਗੁਰਮੀਤ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਕਿਹਾ ਕਿ ਸਟਾਫ਼ ਦੀ ਮਿਹਨਤ ਸਦਕਾ ਪਿੰਡ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜੋ ਸਮਾਜ ਲਈ ਵੱਡਾ ਯੋਗਦਾਨ ਹੈ। ਇਸ ਮੌਕੇ ਸਕੂਲ ਮੁੱਖੀ ਵੱਲੋਂ ਰਾਜੀਵ ਗਰਗ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਪਾਏ ਯੋਗਦਾਨ ਬਦਲੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਮੋਂਟੀ ਸਿੰਘ, ਹਰਪ੍ਰੀਤ ਕੌਰ ਤੇ ਆਗਨਵਾੜੀ ਵਰਕਰ ਅਨੀਤਾ ਦੇਵੀ ਆਦਿ ਵੀ ਹਾਜ਼ਰ ਸਨ।