ਮੋਹਾਲੀ : ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧ ਵਿੱਚ ਗੱਲ ਕਰਦਿਆਂ ਹੋਇਆਂ ਸ਼੍ਰੀਮਤੀ ਨਵਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਐਸ.ਏ.ਐਸ. ਨਗਰ ਨੇ ਦੱਸਿਆ ਕਿ ਸਕੂਲ ਪ੍ਰਸ਼ਾਸ਼ਨ ਦੁਆਰਾ ਸਕੂਲੀ ਵਾਹਨਾਂ ਦੀ ਪੰਜਾਬ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਣੀ ਲਾਜ਼ਮੀ ਹੈ। ਇਸ ਮੰਤਵ ਤਹਿਤ ਟੀਮ ਦੁਆਰਾ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇੰਸਪੈਕਸ਼ਨ ਟੀਮ ਵਿੱਚੋਂ ਨਵਪ੍ਰੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਜਨਕ ਰਾਜ (ਇੰਚਾਰਜ ਟਰ੍ਰੈਫਿਕ ਐਜੂਕੇਸ਼ਨ), ਅਤੇ ਐਜੂਕੇਸ਼ਨ ਡਿਪਾਰਟਮੈਂਟ ਜਸਵੀਰ ਸਿੰਘ ਦੁਆਰਾ ਵਿਦਿਆ ਵੈਲੀ ਸਕੂਲ, ਸੈਕਟਰ 123, ਸੰਨੀ ਐਨਕਲੇਵ ਖਰੜ, ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਵਿਦਿਆ ਵੈਲੀ ਸਕੂਲ ਦੀਆਂ 9 ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ 5 ਬੱਸਾ ਦੇ ਚਲਾਨ ਵੀ ਕੀਤੇ ਗਏ। ਇਸੇ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਸੰਬੰਧੀ ਬੱਸਾਂ ਦੇ ਡਰਾਇਵਰਾਂ ਅਤੇ ਲੇਡੀ ਅਟੈਂਡੈਟ ਨੂੰ ਜਾਣੂ ਕਰਵਾਇਆ ਗਿਆ ਅਤੇ ਸਕੂਲ ਦੇ ਬੱਚਿਆਂ ਨੂੰ ਟਰੈਫਿਕ ਰੂਲਜ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਐਸ.ਏ.ਐਸ. ਨਗਰ ਦੁਆਰਾ ਦੱਸਿਆ ਗਿਆ ਕਿ ਇਹ ਚੈਕਿੰਗ ਲਗਾਤਾਰਤਾ ਵਿੱਚ ਕੀਤੀ ਜਾਵੇਗੀ ਤਾਂ ਜੋ ਸਕੂਲ ਪ੍ਰਬੰਧਕਾਂ ਦੁਆਰਾ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਦੀ ਪੂਰਨ ਤੌਰ ਤੇ ਪਾਲਣਾ ਯਕੀਨੀ ਬਣਾਈ ਜਾ ਸਕੇ।