ਮੁਹਾਲੀ : ਸਫਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਬੀਤੇ ਕੱਲ ਤੋਂ ਅਣਮਿੱਥੇ ਲਈ ਸ਼ਰੂ ਕੀਤੀ ਗਈ। ਹੜਤਾਲ ਦੇ ਦੂਜੇ ਦਿਨ ਅੱਜ ਸਮੂਹ ਸਫਾਈ ਸੇਵਕਾਂ ਵਲੋਂ ਸਹਿਰ ਦੀ ਸਫਾਈ ਦਾ ਕੰਮ ਬੰਦ ਕਰਕੇ 3 ਬੀ 2 ਦੀ ਮਾਰਕੀਟ ਵਿੱਚ ਇਕੱਠ ਕੀਤਾ ਅਤੇ ਫਿਰ ਸ਼ਹਿਰ ਦੀਆਂ ਮਾਰਕੀਟਾਂ, ਸੜਕਾਂ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਪੈਦਲ ਰੋਸ ਮਾਰਚ ਕਰਦੇ ਹੋਏ ਸਰਕਾਰ ਅਤੇ ਨਗਰ ਨਿਗਮ ਅਧਿਕਾਰੀਆਂ, ਮੇਅਰ ਅਤੇ ਕਮਿਸ਼ਨਰ ਦੀਆਂ ਮੁਲਾਜਮ ਮਾਰੂ ਅਤੇ ਵਾਲਮੀਕਿ ਸਮਾਜ ਵਿਰੋਧੀ ਨੀਤੀਆਂ ਵਿਰੁੱਧ ਜਰਦਾਰ ਨਾਅਰੇਬਾਜ ਕੀਤੀ।
ਯੂਨੀਅਨ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਦੇ ਮੇਅਰ ਅਤੇ ਕਮਿਸ਼ਨਰ ਵਲੋਂ ਸਫਾਈ ਸੇਵਕਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਕੋਈ ਵੀ ਮੰਗ ਨਹੀਂ ਮੰਨੀ ਗਈ। ਜਥੇਬੰਦੀ ਦੀ ਮੰਗ ਹੈ ਕਿ ਮੁਹਾਲੀ ਮਹਿੰਗਾ ਸਹਿਰ ਹੈ 10000/ ਤਨਖਾਹਾਂ ਵਿੱਚ ਗੁਜਰਾ ਨਹੀਂ ਹੁੰਦਾ ਇਸ ਲਈ ਤਨਖਾਹਾਂ ਵਿੱਚ ਵਾਧਾ ਕਰਕੇ 22000/ਰੁਪਏ ਕੀਤੀ ਜਾਵੇ, 500/ ਰੁਪਏ ਸਪੈਸ਼ਲ ਤੇਲ ਭੱਤਾ ਲਾਗੂ ਕੀਤਾ ਜਾਵੇ ਅਤੇ ਹੋਰਟੀਕਲਚਰ ਵਿੰਗ ਦੀ ਤੈਨਾਤੀ ਕੀਤੀ ਜਾਵੇ।
ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਕਿਹਾ ਕਿ ਨਗਰ ਨਿਗਮ ਵਲੋਂ ਸਫਾਈ ਸੇਵਕਾਂ ਦੀਆਂ ਮੰਗਾਂ ਤਾਂ ਕੀ ਮੰਨੀਆਂ ਜਾਣੀਆਂ ਸਨ ਉਲਟਾ ਜਨਤਕ ਪਖਾਨਿਆਂ ਤੇ ਕੰਮ ਕਰਦੇ 200 ਸਫਾਈ ਸੇਵਕਾਂ ਬੇਰੁਜਗਾਰ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਸ ਕਾਰਵਾਈ ਤੁਰੰਤ ਪ੍ਰਭਾਵ ਤੋਂ ਰੋਕਿਆ ਜਾਵੇ। ਉਹਨਾਂ ਕਿਹਾ ਕਿ 200 ਸਫਾਈ ਸੇਵਕਾਂ ਬੇਰੁਜਗਾਰ ਕਰਨ ਨਾਲ ਉਹਨਾਂ ਦੇ ਪਰਿਵਾਰ ਭੁੱਖਮਰੀ ਵੱਲ ਧੱਕੇ ਜਾਣਗੇ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਉਹਨਾਂ ਐਲਾਨ ਕੀਤਾ ਕਿ ਕਲ ਸਵੇਰੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਕੁੜਾ ਸੁੱਟ ਕੇ ਘਿਰਾਓ ਕੀਤਾ ਜਾਵੇਗਾ।