ਮੋਹਾਲੀ : ਪੰਜਾਬ ਭਾਜਪਾ ਦੇ ਸਹਿ ਖਜਾਂਚੀ ਸ੍ਰ਼ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਉਹਨਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਉਹ ਪੁਲੀਸ ਅਧਿਕਾਰੀਆਂ ਤੇ ਹੀ ਗੋਲੀਆਂ ਚਲਾਉਣ ਲੱਗ ਗਏ ਹਨ।
ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਮੁਹਾਲੀ ਦੇ ਥਾਣਾ ਮਟੌਰ ਦੇ ਐਸ ਐਚ ਓ ਸ੍ਰ਼ ਗੱਬਰ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ। ਉਹਨਾਂ ਕਿਹਾ ਕਿ ਨੰਗਲ ਵਿੱਚ ਵਿਸਵ ਹਿੰਦੂ ਪ੍ਰੀਸਦ ਦੇ ਆਗੂ ਵਿਕਾਸ ਪ੍ਰਭਾਕਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਸ੍ਰ਼ ਗੋਲਡੀ ਨੇ ਕਿਹਾ ਕਿ ਅਜਿਹੇ ਹੀ ਹਾਲਾਤ ਕਿਸੇ ਸਮੇਂ ਯੂਪੀ ਵਿੱਚ ਹੁੰਦੇ ਸੀ ਪਰੰਤੂ ਉੱਥੇ ਯੋਗੀ ਦੀ ਸਰਕਾਰ ਵਲੋਂ ਹਾਲਾਤ ਤੇ ਅਸਰਦਾਰ ਤਰੀਕੇ ਨਾਲ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹਰ ਰੋਜ ਗੋਲੀਆਂ ਚੱਲਣੀਆਂ ਆਮ ਗੱਲ ਹੋ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਭਗਵੰਤ ਸਿੰਘ ਮਾਨ ਨੂੰ ਦਿੱਲੀ ਦੇ ਆਪਣੇ ਆਕਾ ਕੇਜਰੀਵਾਲ ਦੇ ਡਰਾਮੇ ਤੋਂ ਵਿਹਲ ਨਹੀਂ ਮਿਲਦੀ ਅਤੇ ਪੰਜਾਬ ਦੇ ਸਹਿਰਾਂ ਵਿੱਚ ਲੁੱਟਾਂ ਖੋਹਾਂ, ਚੈਨੀਆਂ ਖੋਹਣੀਆਂ, ਫੋਨ ਖੋਹਣੇ ਆਮ ਗੱਲ ਹੋ ਗਈ ਹੈ।
ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨਸੇ ਦੀ ਭੇਂਟ ਚੜ ਰਹੀ ਹੈ ਅਤੇ ਆਮ ਆਦਮੀ ਪਾਰਟੀ ਨੇ ਦੋ ਸਾਲ ਪਹਿਲਾਂ ਚੋਣਾਂ ਵੇਲੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮਹਿਲਾਵਾਂ ਆਪਣੇ 1000 ਰੁਪਏ ਮਹੀਨਾ ਦਾ ਇੰਤਜਾਰ ਕਰ ਰਹੀਆਂ ਹਨ, ਮਾਈਨਿੰਗ ਪਹਿਲਾਂ ਨਾਲੋਂ ਵੀ ਵੱਧ ਚੁੱਕੀ ਹੈ, ਲੈਂਡ ਮਾਫੀਆ ਚਾਰੇ ਪਾਸੇ ਬਾਹਾਂ ਫਲਾਈ ਬੈਠਾ ਹੈ, ਵੀ ਆਈ ਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਦੀ ਭੈਣ ਅਤੇ ਮਾਤਾ ਗੱਡੀਆਂ ਦਾ ਕਾਫਲਾ ਅਤੇ 25ੑ25 ਗੰਨਮੈਨ ਲੈ ਕੇ ਨਿਕਲਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਦਾ ਸਰਕਾਰੀ ਖਜਾਨਾ ਦਿੱਲੀ ਦੇ ਲਈ ਵਰਤਿਆ ਜਾ ਰਿਹਾ ਹੈ ਅਤੇ ਪੰਜਾਬ ਦਾ ਹੈਲੀਕਾਪਟਰ ਦਿੱਲੀ ਅਤੇ ਦੂਜੇ ਸੂਬਿਆਂ ਦੇ ਵਿੱਚ ਚੋਣਾਂ ਲਈ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਕਾਰਗੁਜਾਰੀ ਤੋਂ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਨਿਰਾਸ ਹੈ ਅਤੇ ਲੋਕਸਭਾ ਚੋਣਾਂ ਦੌਰਾਨ ਇਹਨਾਂ ਨੂੰ ਜਵਾਬ ਦੇਵੇਗੀ। ਇਸ ਮੌਕੇ ਉਹਨਾਂ ਦੇ ਨਾਲ ਅਸਕ ਝਾ ਕਾਰਜ ਕਰਨੀ ਮੈਂਬਰ ਭਾਜਪਾ ਪੰਜਾਬ, ਜਿਲ੍ਹਾ ਜਰਨਲ ਸਕੱਤਰ ਮੁਹਾਲੀ ਜਗਦੀਪ ਸਿੰਘ ਔਜਲਾ, ਜਿਲ੍ਹਾ ਮੀਡੀਆ ਇੰਚਾਰਜ ਚੰਦਰ ਸਖਰ ਵੀ ਹਾਜਿਰ ਸਨ।