ਮੋਹਾਲੀ : 1 ਜੂਨ, 2024 ਨੂੰ ਵੱਧ ਤੋਂ ਵੱਧ ਵੋਟਰਾਂ ਨੂੰ ਪੋਲਿੰਗ ਬੂਥਾਂ 'ਤੇ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਨੂੰ ਤੇਜ਼ ਕੀਤਾ ਗਿਆ ਹੈ। ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਨ ਲਈ ਇੱਕ ਨਿਵੇਕਲੇ ਵਿਚਾਰ 'ਤੇ ਕੰਮ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਦੇ ਬਾਹਰ ਇੱਕ ਪ੍ਰਭਾਵਸ਼ਾਲੀ ਪੇਂਟਿੰਗ ਬਣਾਈ ਗਈ ਹੈ। ਪ੍ਰਸਿੱਧ ਕਲਾਕਾਰ ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਪੇਂਟਿੰਗ ਵਿੱਚ ਸਿਆਹੀ ਵਾਲੀ ਉਂਗਲ ਵਾਲੀ ਤਸਵੀਰ ਨਾਲ ‘ਗੋ ਵੋਟ’ ਦਾ ਸੰਦੇਸ਼ ਦਰਸਾਇਆ ਗਿਆ ਹੈ। ਅੱਜ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰਸ ਪਾਰਟੀਸੀਪੇਸ਼ਨ ਤਹਿਤ ਕੀਤੀ ਪਹਿਲਕਦਮੀ ਨੂੰ ਐਸ ਐਸ ਪੀ ਡਾ. ਸੰਦੀਪ ਗਰਗ ਨਾਲ ਦੇਖਦੇ ਹੋਏ, ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਸਾਡਾ ਜ਼ਿਲ੍ਹੇ ਵਿੱਚ 80 ਫੀਸਦੀ ਵੋਟਿੰਗ ਦਾ ਟੀਚਾ ਹੈ। ਸਿਧਾਂਤਕ ਤੌਰ 'ਤੇ ਟੀਚੇ ਦੀ ਪ੍ਰਾਪਤੀ ਲਈ, ਵੋਟਰਾਂ ਨੂੰ 1 ਜੂਨ, 2024 ਨੂੰ ਬਿਨਾਂ ਕਿਸੇ ਝਿਜਕ ਦੇ, ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਲਈ ਜ਼ਮੀਨੀ ਪੱਧਰ 'ਤੇ ਕਈ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੋਟ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਸਮੂਹਿਕ ਯਤਨਾਂ ਤਹਿਤ ਆਮ ਲੋਕਾਂ ਤੱਕ ਪਹੁੰਚਾਉਣ ਲਈ ਸੰਦੇਸ਼ ਵੱਡੇ ਪੱਧਰ 'ਤੇ ਫੈਲਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਕਲਾਕਾਰ ਗੁਰਪ੍ਰੀਤ ਸਿੰਘ ਨੂੰ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਲਈ ਸਨਮਾਨਿਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਸਵੀਪ ਟੀਮ ਵੱਲੋਂ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ। ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਬਣੇ ਵੋਟਰਾਂ ਲਈ ਆਈ ਪੀ ਐਲ ਮੈਚ ਦਿਖਾਉਣ ਤੋਂ ਸ਼ੁਰੂ ਕਰਕੇ, ਗਤੀਵਿਧੀਆਂ ਦੀ ਇੱਕ ਲੰਬੀ ਸੂਚੀ ਹੈ ਜਿਵੇਂ ਕਿ ਵੇਰਕਾ ਮਿਲਕ ਪ੍ਰੋਡਕਟਸ ਰਾਹੀਂ ਵੋਟ ਦਾ ਸੁਨੇਹਾ, ਔਰਤਾਂ ਦੀ ਮੈਰਾਥਨ, ਵਿਸ਼ਵ ਧਰਤੀ ਦਿਵਸ ਮਨਾਉਣ ਲਈ ਚੋਣ ਬੂਥਾਂ ਤੇ ਬੂਟੇ ਲਾਉਣ ਦੀ ਮੁਹਿੰਮ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਪੇਂਟਿੰਗ ਅਤੇ ਲੋਕਤੰਤਰ ਦੇ ਤਿਉਹਾਰ ਨੂੰ ਸਮਰਪਿਤ ਮਹਿੰਦੀ ਮੁਕਾਬਲੇ, ਅਪਾਰਟਮੈਂਟਸ ਅਤੇ ਹਾਈ ਰਾਈਜ਼ ਟਾਵਰਾਂ ਵਿਖੇ ਜਾਗਰੂਕਤਾ ਅਤੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਰਾਹੀਂ ਵੋਟਿੰਗ ਸੁਨੇਹੇ ਕਿ ਇੱਕ ਵੀ ਵੋਟਰ ਪਿੱਛੇ ਪਿੱਛੇ ਨਾ ਰਹਿ ਜਾਵੇ ਆਦਿ। ਐਸ ਐਸ ਪੀ ਡਾ. ਸੰਦੀਪ ਗਰਗ ਨੇ ਜ਼ਿਲ੍ਹਾ ਸਵੀਪ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਮੁਲਾਜ਼ਮਾਂ ਦੀ 100 ਫੀਸਦੀ ਵੋਟਿੰਗ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 1 ਜੂਨ 2024 ਨੂੰ ਹੋਣ ਵਾਲੀਆਂ ਵੋਟਾਂ ਵਿੱਚ ਮਤਦਾਨ ਪੱਖੋਂ ਜ਼ਿਲ੍ਹੇ ਨੂੰ ਨੰਬਰ ਇੱਕ ਬਣਾਉਣ ਲਈ ਸਮੂਹਿਕ ਯਤਨ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ, ਪ੍ਰੋ: ਗੁਰਬਖਸੀਸ਼ ਸਿੰਘ ਅੰਟਾਲ ਅਤੇ ਗੁਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ ਵੀ ਹਾਜ਼ਰ ਸਨ।