ਮੋਹਾਲੀ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਗੁਆਂਢੀ ਰਾਜ ਹਰਿਆਣਾ ’ਚ 25 ਮਈ, 2024 ਨੂੰ ਮਤਦਾਨ ਦੇ ਮੱਦੇਨਜ਼ਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਹਰਿਆਣਾ ਰਾਜ ਦੀ ਸੀਮਾ ਨਾਲ ਲਗਦੇ ਤਿੰਨ ਕਿਲੋਮੀਟਰ ਦੇ ਏਰੀਆ ’ਚ 23 ਮਈ, 2024 ਤੋਂ 25 ਮਈ, 2024 ਤੱਕ ਡਰਾਈ ਡੇਅ ਘੋੋਸ਼ਿਤ ਕੀਤਾ ਗਿਆ ਹੈ। ਇਹਨਾਂ ਇਲਾਕਿਆਂ ’ਚ ਇਹ ਡਰਾਈ ਡੇਅ ਦੇ ਹੁਕਮ ਗਿਣਤੀ ਵਾਲੇ ਦਿਨ 4 ਜੂਨ, 2024 ਨੂੰ ਵੀ ਲਾਗੂ ਰਹਿਣਗੇ। ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 54 ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੇ ਸੈਕਸ਼ਨ 135 ਸੀ ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਾਰੀ ਕੀਤੇ ਗਏ ਉਕਤ ਹੁਕਮਾਂ ਦੇ ਨਾਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ’ਚ ਵੀ 1 ਜੂਨ, 2024 ਨੂੰ ਲੋਕ ਸਭਾ ਚੋਣਾਂ ਦੇ ਮਤਦਾਨ ਦੇ ਮੱਦੇਨਜ਼ਰ 30 ਮਈ ਤੋਂ 1 ਜੂਨ, 2024 ਤੱਕ ਮਤਦਾਨ ਮੁਕੰਮਲ ਹੋਣ ਤੱਕ ਅਤੇ ਗਿਣਤੀ ਵਾਲੇ ਦਿਨ 4 ਜੂਨ, 2024 ਨੂੰ ਡਰਾਈ ਡੇਅ ਰਹੇਗਾ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਡਰਾਈ ਡੇਅ ਦੇ ਇਹ ਹੁਕਮ ਸ਼ਰਾਬ ਦੀਆਂ ਦੁਕਾਨਾਂ ਤੋਂ ਇਲਾਵਾ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ’ਤੇ ਵੀ ਲਾਗੂ ਰਹਿਣਗੇ, ਜਿੱਥੇ ਨਾ ਤਾਂ ਸ਼ਰਾਬ ਵੇਚੀ ਜਾ ਸਕੇਗੀ ਅਤੇ ਨਾ ਹੀ ਵਰਤਾਈ ਜਾ ਸਕੇਗੀ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਸ਼ਰਾਬ ਦੀ ਸਟੋਰੇਜ ਵੀ ਨਹੀਂ ਕਰੇਗਾ।