ਮੋਹਾਲੀ : ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੋਹਾਲੀ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਉਪਰਾਲੇ ਕਰ ਰਹੇ ਹਨ। ਮੋਹਾਲੀ ਦਾ ਮੇਅਰ ਚੁਣੇ ਜਾਣ ਉਪਰੰਤ ਮੇਅਰ ਜੀਤੀ ਸਿੱਧੂ ਸ਼ਹਿਰ ਵਿੱਚ ਮੌਜੂਦ ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਪੂਰੀ ਵਾਹ ਲਗਾ ਰਹੇ ਹਨ ਤੇ ਨਾਲ ਹੀ ਮੋਹਾਲੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਦੇ ਨਾਲ ਨਾਲ ਨਵੇਂ ਵਿਕਾਸ ਕਾਰਜ ਵੀ ਸ਼ੁਰੂ ਕਰਵਾਏ ਜਾ ਰਹੇ ਹਨ।
ਮੇਅਰ ਜੀਤੀ ਸਿੱਧੂ ਵਲੋਂ ਬਰਸਾਤਾਂ ਦੇ ਆਉਂਦੇ ਮੌਸਮ ਨੂੰ ਦੇਖਦੇ ਹੋਏ ਮੋਹਾਲੀ ਦੇ ਵੱਖ ਵੱਖ ਇਲਾਕਿਆਂ ਵਿਚ ਰੋਡ ਗਲੀਆਂ ਦੀ ਸਫਾਈ ਤੇ ਮੁਰੰਮਤ ਦਾ ਕੰਮ ਆਰੰਭ ਕਰਵਾਇਆ ਗਿਆ ਹੈ। ਅੱਜ ਮੋਹਾਲੀ ਦੇ ਸੈਕਟਰ 76, 77, 78, 79 ਤੇ 80 ਵਿਚ 82 ਲੱਖ ਰੁਪਏ ਦੀ ਲਾਗਤ ਨਾਲ ਰੋਡ ਗਲੀਆਂ ਦੀ ਸਫ਼ਾਈ, ਮੁਰੰਮਤ ਅਤੇ ਜਿੱਥੇ ਨਵੀਂਆਂ ਰੋਡ ਗਲੀਆਂ ਬਣੀਆਂ ਹਨ ਉਥੇ ਨਵੀਆਂ ਬਣਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਸਾਰੇ ਸੈਕਟਰਾਂ ਦੇ ਬੁਨਿਆਦੀ ਢਾਂਚੇ ਦਾ ਕੰਮ ਮੋਹਾਲੀ ਨਗਰ ਨਿਗਮ ਨੇ ਗਮਾਡਾ ਤੋਂ ਆਪਣੇ ਅਧੀਨ ਲਿਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਇਨ੍ਹਾਂ ਸੈਕਟਰਾਂ ਦਾ ਰੋਡ ਗਲੀਆਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਡ ਗਲੀਆਂ ਦੀ ਸਫਾਈ ਤੇ ਮੁਰੰਮਤ ਦਾ ਕੰਮ ਮੁਕੰਮਲ ਹੋਣ ਉਪਰੰਤ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਨਗਰ ਨਿਗਮ ਦਾ ਮੇਅਰ ਬਣਾਇਆ ਹੈ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੋਹਾਲੀ ਦੇ ਲੋਕਾਂ ਵਾਸਤੇ ਬਿਹਤਰ ਬੁਨਿਆਦੀ ਢਾਂਚਾ ਉਪਲੱਬਧ ਕਰਵਾਉਣ। ਉਨ੍ਹਾਂ ਕਿਹਾ ਇਹ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਸੁੱਚਾ ਸਿੰਘ ਕਲੌੜ, ਕਮਲਜੀਤ ਸਿੰਘ ਬਨੀ, ਹਰਜੀਤ ਸਿੰਘ ਬੈਦਵਾਣ, ਕੁਲਜਿੰਦਰ ਕੌਰ (ਸਾਰੇ ਕੌਂਸਲਰ), ਹਰਪ੍ਰੀਤ ਸਿੰਘ ਐਕਸੀਅਨ, ਵਿਕਟਰ ਨਿਹੋਲਕਾ, ਨਵਜੋਤ ਸਿੰਘ ਬਾਛਲ, ਹਰਦਿਆਲ ਚੰਦ ਬਡਬਰ ਪ੍ਰਧਾਨ ਸੋਸ਼ਲ ਵੈਲਫੇਅਰ ਤੇ ਡਿਵੈਲਪਮੈਂਟ ਕਮੇਟੀ, ਸੁਰਿੰਦਰ ਸਿੰਘ , ਸੁਖਦੇਵ ਸਿੰਘ ਦੋਆਬਾ, ਦਿਆਲ ਚੰਦ, ਜਰਨੈਲ ਸਿੰਘ, ਅਮਰਨਾਥ, ਕ੍ਰਿਸ਼ਨ ਲਾਲ, ਕਵਰਜੀਤ ਅੌਲਖ , ਕਰਮਜੀਤ ਸਿੰਘ , ਗੁਰਦੀਪ ਸਿੰਘ ਸੁਰੇਸ਼ ਕੁਮਾਰ, ਜਗਦੇਵ ਸਿੰਘ, ਸੇਠੀ ਰਾਮ, ਅੈਚ ਅੈਲ ਭਾਟੀਆ, ਦੁਰਗਾ ਦਾਸ, ਵਿਜੇ ਕੁਮਾਰ ਮੌਗਾ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ ਵਾਲੀਆ, ਅਮਰਜੀਤ ਵਾਲੀਆ, ਉਪਿੰਦਰ ਸਿੰਘ, ਪਰਮਿੰਦਰ ਸਿੰਘ ਤੇ ਹੋਰ ਵਸਨੀਕ ਹਾਜ਼ਰ ਸਨ।