ਚੰਡੀਗੜ੍ਹ : ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸ਼ੁੱਕਰਵਾਰ (17 ਮਈ) ਨੂੰ ਸਵੇਰੇ 11:00 ਤੋਂ 11:30 ਵਜੇ ਤੱਕ 'ਟਾਕ ਟੂ ਯੂਅਰ ਸੀ.ਈ.ਓ. ਪੰਜਾਬ' ਦੇ ਬੈਨਰ ਹੇਠ ਦੂਜਾ ਫੇਸਬੁੱਕ ਲਾਈਵ ਸੈਸ਼ਨ ਕੀਤਾ ਜਾਵੇਗਾ, ਜਿਸ ਦੌਰਾਨ ਉਹ ਲੋਕ ਸਭਾ ਚੋਣਾਂ 2024 ਨਾਲ ਸਬੰਧਤ ਵੋਟਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਇੱਕੋ ਇੱਕ ਉਦੇਸ਼ ਵੋਟਰਾਂ ਦਰਮਿਆਨ ਜਾਗਰੂਕਤਾ ਫੈਲਾਉਣਾ ਅਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ "ਇਸ ਵਾਰ 70 ਪਾਰ" ਦੇ ਟੀਚੇ ਦੀ ਪ੍ਰਾਪਤੀ ਅਤੇ ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਦਫ਼ਤਰ, ਮੁੱਖ ਚੋਣ ਅਫ਼ਸਰ ਵੱਲੋਂ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਇਹ ਸੈਸ਼ਨ ਉਸੇ ਦਾ ਹੀ ਹਿੱਸਾ ਹੈ। ਮੁੱਖ ਚੋਣ ਅਧਿਕਾਰੀ ਨੇ ਅੱਗੇ ਕਿਹਾ ਕਿ ਉਹ ਅਧਿਕਾਰਤ ਫੇਸਬੁੱਕ ਪੇਜ @TheCeoPunjab 'ਤੇ ਲਾਈਵ ਹੋ ਕੇ ਚੋਣ ਪ੍ਰਕਿਰਿਆ ਨਾਲ ਸਬੰਧਤ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਲਾਈਵ ਸੈਸ਼ਨ ਦੌਰਾਨ ਕੋਈ ਵੀ ਵਿਅਕਤੀ ਸਵਾਲ ਪੁੱਛ ਸਕਦਾ ਹੈ ਅਤੇ ਪੋਸਟ 'ਤੇ ਕੁਮੈਂਟ ਕਰਕੇ ਆਪਣਾ ਫੀਡਬੈਕ ਅਤੇ ਸੁਝਾਅ ਵੀ ਦੇ ਸਕਦਾ ਹੈ। ਸਿਬਿਨ ਸੀ ਨੇ ਕਿਹਾ ਕਿ ਉਹ ਪਿਛਲੇ ਸੈਸ਼ਨ ਦੀ ਤਰ੍ਹਾਂ ਇਸ ਵਾਰ ਵੀ ਵੋਟਰਾਂ ਦੇ ਸਵਾਲਾਂ ਦਾ ਮੌਕੇ ‘ਤੇ ਹੀ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਆਪਣੇ ਸਵਾਲ ਜਾਂ ਸੁਝਾਅ 17 ਮਈ (ਸਵੇਰੇ 11 ਵਜੇ) ਤੋਂ ਪਹਿਲਾਂ ਸੀ.ਈ.ਓ. ਪੰਜਾਬ ਦੇ ਫੇਸਬੁੱਕ, ਇੰਸਟਾਗ੍ਰਾਮ ਜਾਂ ਐਕਸ ਹੈਂਡਲਾਂ ਜ਼ਰੀਏ ਵੀ ਭੇਜੇ ਜਾ ਸਕਦੇ ਹਨ।