ਮੋਹਾਲੀ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਹਰ ਵਰਗ ਨੂੰ ਵੋਟ ਲਈ ਜਾਗਰੂਕ ਕਰਨ ਦੇ ਯਤਨਾਂ ਤਹਿਤ ਮਹਿਲਾ ਵੋਟਰਾਂ ਦੀ ਲੋਕਤੰਤਰ ਵਿੱਚ ਭਾਗੀਦਾਰੀ ਨੂੰ ਦਰਸਾਉਂਦਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਆਰਟਿਸਟ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਤਿਆਰ ਕੰਧ-ਚਿੱਤਰ “ਲੋਕਤੰਤਰ ਦੀ ਮਾਤਾ” (ਮਦਰ ਆਫ਼ ਡੈਮੋਕ੍ਰੇਸੀ) ਹਰ ਇੱਕ ਦਾ ਧਿਆਨ ਖਿੱਚ ਰਿਹਾ ਹੈ ਤੇ ਸੈਲਫੀ ਪੁਆਇੰਟ ਵਜੋਂ ਚਰਚਿਤ ਹੋ ਰਿਹਾ ਹੈ।
ਇਸ ਕੰਧ ਚਿੱਤਰ ਨੂੰ ਉੰਗਲੀ ਦੇ ਨਿਸ਼ਾਨ ਉਪਰ ਨੀਲੀ ਸਿਆਹੀ (ਵੋਟ ਮਾਰਕ) ਦਾ ਨਿਸ਼ਾਨ ਲਾ ਕੇ ਖਰਚਾ ਅਬਜ਼ਰਵਰ, ਲੋਕ ਸਭਾ ਹਲਕਾ ਪਟਿਆਲਾ, ਸ਼੍ਰੀਮਤੀ ਮੀਤੂ ਅਗਰਵਾਲ (ਆਈ ਆਰ ਐੱਸ) ਨੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਅਤੇ ਹਲਕਾ ਡੇਰਾਬੱਸੀ ਦੇ ਸਹਾਇਕ ਰਿਟਰਨਿੰਗ ਅਫ਼ਸਰ ਹਿਮਾਂਸ਼ੂ ਗੁਪਤਾ ਵੀ ਨਾਲ ਸਨ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ . ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਇਸ ਕੰਧ ਚਿੱਤਰ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਲੋਕਤੰਤਰ ਦੀ ਮਾਤਾ ਨੂੰ ਦਰਸਾਉਂਦਾ ਇਹ ਕੰਧ ਚਿੱਤਰ ਰਾਸ਼ਟਰਪਤੀ ਅਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਤਿਆਰ ਕੀਤਾ ਗਿਆ ਹੈ।
ਇਸ ਚਿੱਤਰ ਵਿੱਚ ਨਵੇਂ ਪਾਰਲੀਮੈਂਟ ਭਵਨ ਅਤੇ ਪਹਿਲੇ ਪਾਰਲੀਮੈਂਟ ਭਵਨ ਦੇ ਸੁਮੇਲ ਨਾਲ ਮਹਿਲਾਵਾਂ ਦੇ ਅਣਗਿਣਤ ਹੱਥਾਂ ਨੂੰ ਮਜ਼ਬੂਤੀ ਨਾਲ “ਇਲੈਕਟ੍ਰਾਨਿਕ ਵੋਟਿੰਗ ਮਸ਼ੀਨ” ਦੇ ਬਟਨ ਦਬਾਉਂਦੇ ਹੋਏ ਦਿਖਾਇਆ ਗਿਆ ਹੈ। ਖਰਚਾ ਅਬਜ਼ਵਰ ਮੀਤੂ ਅਗਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਥਾਵਾਂ ਉੱਪਰ ਵੋਟਰ ਜਾਗਰੂਕਤਾ ਲਈ ਬਣੇ ਕੰਧ ਚਿੱਤਰਾਂ ਦੀ ਸ਼ਲਾਘਾ ਕਰਦੇ ਹੋਏ, ਸਮੂਹ ਵੋਟਰਾਂ ਨੂੰ ਇੱਕ ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਬਣੇ ਕੰਧ ਚਿੱਤਰ “ਪੰਜ-ਆਬ ਕਰੇਗਾ ਵੋਟ, ਆਈ ਗੋ ਫਾਰ ਵੋਟ, ਇੱਕ ਜੂਨ ਨੂੰ ਪੰਜਾਬ ਕਰੇਗਾ ਵੋਟ” ਹਰ ਰੋਜ ਸੈਂਕੜਿਆਂ ਦੀ ਤਾਦਾਦ ਵਿਚ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਲਈ ਡੀ ਏ ਸੀ ਵਿੱਚ ਆਉਣ ਵਾਲੇ ਸ਼ਹਿਰੀਆਂ ਲਈ ਖਿੱਚ ਦਾ ਕੇਂਦਰ ਬਣ ਗਏ ਹਨ ਅਤੇ ਵੋਟਰ ਇਹਨਾਂ ਚਿੱਤਰਾਂ ਨਾਲ ਤਸਵੀਰਾਂ ਖਿਚਵਾਕੇ ਸ਼ੋਸ਼ਲ ਮੀਡੀਆ ਉਪਰ ਪਾ ਰਹੇ ਹਨ। ਚੋਣ ਤਹਿਸੀਲਦਾਰ ਸੰਜੇ ਕੁਮਾਰ ਨੇ ਦੱਸਿਆ ਕਿ ਜਿੱਥੇ ਇਹ ਚਿੱਤਰ ਵੋਟਰ ਜਾਗਰੂਕਤਾ ਦਾ ਸੁਨੇਹਾ ਦੇ ਰਹੇ ਹਨ ਉੱਥੇ ਮੁੱਖ ਚੋਣ ਅਫਸਰ ਪੰਜਾਬ ਦੇ ਪਲਾਸਟਿਕ ਮੁਕਤ ਸ਼ੁਧ ਵਾਤਾਵਰਣ ਦੀ ਵੀ ਪ੍ਰੋੜ੍ਹਤਾ ਕਰਦੇ ਹਨ।