ਮੋਹਾਲੀ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਜਰਨਲ ਅਬਜਰਵਰ ਡਾ ਹੀਰਾ ਲਾਲ ਦੇ ਯਤਨਾਂ ਸਦਕਾ ਨਵੀਂ ਪਹਿਲ ਕਰਦੇ ਹੋਏ ਮਜਬੂਤ ਲੋਕਤੰਤਰ ਦੇ ਨਾਲ ਨਾਲ ਵਾਤਾਵਰਣ ਦੀ ਸ਼ੁੱਧਤਾ ਅਤੇ ਆਲਮੀ ਤਪਸ਼ ਨੂੰ ਘਟਾਉਣ ਲਈ ਯਤਨ ਕੀਤੇ ਜਾ ਰਹੇ ਹਨ। ਲੋਕਤੰਤਰ ਦੇ ਇਸ ਮਹਾਂ ਤਿਉਹਾਰ ਨੂੰ ਮਨਾਉਣ ਲਈ ਜਿਲੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਤਿਉਹਾਰ ਵਰਗਾ ਮਾਹੌਲ ਹੈ, ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਹਰਿਆ ਭਰਿਆ ਅਤੇ ਪਲਾਸਟਿਕ ਮੁਕਤ ਕਰਨ ਦਾ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ। ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਜਿਲੇ ਵਿਚ 569 ਸਰਕਾਰੀ ਅਤੇ ਜਨਤਕ ਖੇਤਰ ਦੇ ਸਕੂਲ ਹਨ ਜਿਹਨਾਂ ਵਿੱਚ ਪੜਦੇ 2,82 679 ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ਅਤੇ “ਸਾਡੀ ਸੋਚ ਅਸੀਂ ਲਗਾਵਾਂਗੇ ਰੁੱਖ, ਮਾਪੇ ਪਾਉਣਗੇ ਵੋਟ” ਦਾ ਪ੍ਰਣ ਕੀਤਾ ਅਤੇ ਪਲਾਸਟਿਕ ਮੁਕਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਈ ਯਤਨ ਕਰਨ ਦਾ ਵਾਅਦਾ ਕੀਤਾ।
ਪ੍ਰੋ ਅੰਟਾਲ ਨੇ ਦੱਸਿਆ ਕਿ ਇਸੇ ਤਰ੍ਹਾਂ ਜਿਲੇ ਦੇ ਸਮੂਹ ਉਚ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਨਵੇਕਲੇ ਕਰਮ ਕਰਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਖੋਜ ਪਰਚੇ ਲਿਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ, ਸਰਕਾਰੀ ਆਈ ਟੀ ਆਈ ਲਾਲੜੂ ਅਤੇ ਵੱਖ ਵੱਖ ਸਕੂਲਾਂ ਵਿੱਚ 500 ਪੌਦੇ ਲਗਾਏ ਗਏ। ਇਸ ਮੁਹਿੰਮ ਵਿਚ ਡਿਪਟੀ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ, ਜਿਲ੍ਹਾ ਸਿਖਿਆ ਅਫਸਰ ਸਤਨਾਮ ਸਿੰਘ ਬਾਠ, ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਰਾਜੀਵ ਪੁਰੀ, ਪ੍ਰਿੰਸੀਪਲ ਆਈ ਟੀ ਆਈ ਲਾਲੜੂ ਹਰਵਿੰਦਰ ਸਿੰਘ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾ ਤਹਿਤ ਹੀਟ ਵੇਵ ਨੂੰ ਦੇਖਦੇ ਹੋਏ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।