ਮੋਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ “ਗ੍ਰੀਨ ਇਲੈਕਸ਼ਨ ਮਿਸ਼ਨ” ਦੇ ਤਹਿਤ 80 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਵੋਟ ਕਰਨ ਦੀ ਪ੍ਰੇਰਨਾ ਨਾਲ ਨਵੀਂ ਸ਼ੁਰੂਆਤ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ, ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਕਰਨ, ਜਹਿਰੀਲੀਆਂ ਜੜ੍ਹੀ ਬੂਟੀਆਂ ਦੀ ਸਫਾਈ ਅਤੇ ਪਾਰਕਾਂ ਵਿਚ ਡਸਟਬਿਨ ਆਦਿ ਦਾ ਪ੍ਰਬੰਧ ਕਰਦੇ ਹੋਏ ਵਾਤਾਵਰਣ ਨੂੰ ਹਰਿਆ ਭਰਿਆ ਬਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਜ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ “ਸਾਡਾ ਮਿਸ਼ਨ ਗ੍ਰੀਨ ਇਲੈਕਸ਼ਨ” ਦਾ ਪੋਸਟਰ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਜਾਤ, ਧਰਮ, ਖੇਤਰਵਾਦ ਅਤੇ ਬਿਨ੍ਹਾਂ ਕਿਸੇ ਲਾਲਚ ਦੇ ਨਿਰਪੱਖ ਵੋਟ ਕਰਕੇ ਸਰਕਾਰ ਚੁਣਦੇ ਹਾਂ, ਆਓ! ਚੰਗੇ ਤੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫ਼ਰਜ਼ ਨਿਭਾਉਦੇ ਹੋਏ ਵਾਤਾਵਰਣ ਦੀ ਸੰਭਾਲ ਵਿਚ ਵੀ ਆਪਣਾ ਯੋਗਦਾਨ ਪਾਈਏ ਤੇ ਪਲਾਸਟਿਕ ਮੁਕਤ ਮੁਹਾਲੀ ਦਾ ਪ੍ਰਣ ਕਰੀਏ। ਉਨ੍ਹਾਂ ਸਮੂਹ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ 1 ਜੂਨ ਨੂੰ ਵੋਟ ਜ਼ਰੂਰ ਪਾਵੋ ਅਤੇ ਇੱਕ ਰੁੱਖ ਜਾਂ ਗਮਲਾ ਜ਼ਰੂਰ ਲਾਵੋ। ਇਸ ਮੌਕੇ ਹਾਜ਼ਰ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਹਰ ਪੋਲਿੰਗ ਬੂਥ ਉਪਰ ਛਬੀਲ ਅਤੇ ਟੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵਰਾਜ ਟਰੈਕਟਰ ਵੱਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ “ਗਰੀਨ ਇਲੈਕਸ਼ਨ” ਪ੍ਰਤੀ ਜਾਗਰੂਕ ਕਰਨ ਲਈ 23 ਮਈ ਨੂੰ ਜ਼ਿਲ੍ਹਾ ਸਵੀਪ ਟੀਮ ਨਾਲ ਮਿਲਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮੌਕੇ ਚੋਣ ਤਹਿਸੀਲਦਾਰ ਸੰਜੇ ਕੁਮਾਰ, ਸ਼ਿਫਾਲੀ ਮਹਿਤਾ ਅਤੇ ਚੋਣ ਕਾਨੂੰਗੋ ਸੁਰਿੰਦਰ ਬੱਤਰਾ ਵੀ ਹਾਜ਼ਰ ਸਨ।