ਮਸ਼ਹੂਰ ਗ਼ਜ਼ਲਗੋ ਪ੍ਰਿੰਸੀਪਲ ਸੁਲੱਖਣ ਮੀਤ ਸਦੀਵੀ ਵਿਛੋੜਾ ਦੇ ਗਏ ਹਨ। ਉਹ 15.05.1938 ਨੂੰ ਮਿੰਟਗੁਮਰੀ ਪਾਕਿਸਤਾਨ ਵਿਖੇ ਜਨਮੇ ਸਨ ਅਤੇ ਦੇਸ਼ ਦੀ ਵੰਡ ਉਪਰੰਤ ਸੰਗਰੂਰ ਵਿਖੇ ਰਹਿਣ ਲੱਗੇ। ਉਹ ਸਾਰੀ ਉਮਰ ਅਧਿਆਪਨ ਕਾਰਜ ਅਤੇ ਸਾਹਿਤ ਸਿਰਜਣਾ ਨਾਲ ਜੁੜੇ ਰਹੇ ਅਤੇ ਸ਼ਹੀਦ ਊਦਮ ਸਿੰਘ ਕਾਲਜ, ਸੁਨਾਮ ਤੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ। ਉਨ੍ਹਾਂ ਗ਼ਜ਼ਲ, ਕਵਿਤਾ, ਨਿਬੰਧ ਅਤੇ ਕਹਾਣੀਆਂ ਰਚਦੇ ਹੋਏ ਪੰਜ ਦਰਜਨ ਕਿਤਾਬਾਂ ਸਾਹਿਤ ਜਗਤ ਨੂੰ ਭੇਂਟ ਕੀਤੀਆਂ, ਜਿਨ੍ਹਾਂ ਵਿਚੋਂ ‘ਸੁੱਚਾ ਫੁੱਲ’, ‘ਬੇਗਾਨੀ ਧੁੱਪ’, ‘ਇਕ ਹੰਝੂ ਹੋਰ’, ‘ਇੱਜਤਾਂ ਵਾਲੇ’, ‘ਗੋਲ ਫਰੇਮ’ ਅਤੇ ‘ਨਵੀਆਂ ਗੱਲਾਂ’ ਸਾਹਿਤ ਜਗਤ ਵਿਚ ਬਹੁਤ ਸਰਾਹੀਆਂ ਗਈਆਂ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪਿੰ੍ਰਸੀਪਲ ਸੁਲੱਖਣ ਮੀਤ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।