ਚੰਡੀਗੜ੍ਹ : ਲੋਕ ਸਭਾ ਚੋਣਾਂ-2024 ਦੇ ਨਿਰਵਿਘਨ ਸੰਚਾਲਨ ਲਈ ਪੋਲਿੰਗ ਕਰਮਚਾਰੀਆਂ/ਪਾਰਟੀਆਂ ਦੀ ਸਹੂਲਤ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸ੍ਰੀਮਤੀ ਆਸ਼ਿਕਾ ਜੈਨ ਨੇ ਗਮਾਡਾ ਦੀ ਭੂਮੀ ਗ੍ਰਹਿਣ ਅਫ਼ਸਰ, ਜਸਲੀਨ ਕੌਰ ਸੰਧੂ, (ਪੀ.ਸੀ.ਐਸ.), ਨੂੰ ਪੋਲਿੰਗ ਕਰਮਚਾਰੀਆਂ ਦੀ ਭਲਾਈ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ। ਜਾਣਕਾਰੀ ਦਿੰਦਿਆਂ ਸ੍ਰੀਮਤੀ ਜੈਨ ਨੇ ਕਿਹਾ ਕਿ ਪੋਲਿੰਗ ਅਮਲੇ ਨੂੰ ਮਤਦਾਨ ਪ੍ਰਕਿਰਿਆ ਦੀ ਰੀੜ੍ਹ ਦੀ ਹੱਡੀ ਵਜੋਂ ਜਾਣਿਆ ਜਾਂਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪੋਲਿੰਗ ਬੂਥਾਂ 'ਤੇ ਰਾਤ ਦੇ ਠਹਿਰਣ ਅਤੇ ਅਗਲੇ ਦਿਨ ਪੋਲਿੰਗ ਕਰਵਾਉਣ ਦੌਰਾਨ ਲੋੜੀਂਦੀਆਂ ਸਾਰੀਆਂ ਜ਼ਰੂਰਤਾਂ ਦੀ ਸਹੂਲਤ ਪ੍ਰਦਾਨ ਕਰਨੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ ਜਸਲੀਨ ਕੌਰ ਸੰਧੂ ਖਰੜ, ਐਸ.ਏ.ਐਸ.ਨਗਰ ਅਤੇ ਡੇਰਾਬੱਸੀ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ-ਕਮ-ਉਪ ਮੰਡਲ ਮੈਜਿਸਟਰੇਟਾਂ ਦੇ ਸੰਪਰਕ ਵਿੱਚ ਰਹਿਣਗੇ ਤਾਂ ਜੋ ਜ਼ਿਲ੍ਹੇ ਦੇ ਸਾਰੇ 825 ਪੋਲਿੰਗ ਬੂਥਾਂ (452 ਪੋਲਿੰਗ ਸਥਾਨਾਂ) 'ਤੇ ਪੋਲਿੰਗ ਪਾਰਟੀਆਂ ਲਈ ਘੱਟੋ-ਘੱਟ ਲੋੜਾਂ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਕਿਸੇ ਵੀ ਤਰਾਂ ਦੀ ਲੋੜ ਪੈਣ 'ਤੇ ਏ.ਆਰ.ਓਜ਼ ਅਤੇ ਪੋਲਿੰਗ ਪਾਰਟੀਆਂ, ਨੋਡਲ ਅਫ਼ਸਰ, ਪੋਲਿੰਗ ਪਰਸੋਨਲ ਵੈਲਫੇਅਰ ਨਾਲ ਫ਼ੋਨ ਨੰਬਰ 99882 96984 ਅਤੇ ਮੇਲ ਆਈਡੀ
lacue.gmada@gmail.com 'ਤੇ ਸੰਪਰਕ ਕਰਕੇ ਮਦਦ ਲੈ ਸਕਦੇ ਹਨ।