ਮੋਹਾਲੀ : ਕੋਰੋਨਾ ਮਹਾਂਮਾਰੀ ਦੀ ਲਾਗ ਦੇ ਕੇਸ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਆਲਮ ਇਹ ਹੈ ਕਿ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਕੋਵਿਡ ਮਰੀਜ਼ਾਂ ਲਈ ਹੁਣ ਕੋਈ ਬੈੱਡ ਖ਼ਾਲੀ ਨਹੀਂ ਬਚਿਆ। ਪਿਛਲੇ ਦਿਨੀਂ ਫ਼ੇਜ਼ 6 ਦੇ ਜ਼ਿਲ੍ਹਾ ਹਸਪਤਾਲ ਨੂੰ ਕੋਵਿਡ ਕੇਅਰ ਸੈਂਟਰ ਵਿਚ ਤਬਦੀਲ ਕਰ ਦਿਤਾ ਗਿਆ ਸੀ। ਇਥੇ ਇਸ ਵੇਲੇ ਆਕਸੀਜਨ ਦੀ ਸਹੂਲਤ ਨਾਲ ਲੈਸ 120 ਬੈੱਡ ਹਨ ਜਿਹੜੇ ਭਰ ਗਏ ਹਨ। ਹੋਰ ਤਾਂ ਹੋਰ, ਵੈਂਟੀਲੇਟਰ ਦੀ ਸਹੂਲਤ ਵਾਲੇ ਸਾਰੇ 336 ਬੈੱਡ ਜਿਹੜੇ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਹਨ, ਉਹ ਵੀ ਭਰ ਗਏ ਹਨ ਅਤੇ ਆਕਸੀਜਨ ਵਾਲੇ ਕੁਲ 565 ਬੈੱਡਾਂ ਵਿਚੋਂ ਵੀਰਵਾਰ ਤਕ ਸਿਰਫ਼ 15 ਖ਼ਾਲੀ ਸਨ। ਸਿਵਲ ਹਸਪਤਾਲ ਵਿਚ ਗੰਭੀਰ ਮਰੀਜ਼ਾਂ ਵਾਸਤੇ ਵੈਂਟੀਲੇਟਰ ਦੀ ਸਹੂਲਤ ਵਾਲਾ ਕੋਈ ਬੈੱਡ ਉਪਲਭਧ ਨਹੀਂ ਤੇ ਗੰਭੀਰ ਮਰੀਜ਼ਾਂ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਭੇਜਿਆ ਜਾਂਦਾ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਵਿਚ ਕੋਈ ਬੈੱਡ ਖ਼ਾਲੀ ਨਹੀਂ ਅਤੇ ਉਹ ਕੁਝ ਹੋਰ ਸਰਕਾਰੀ ਹਸਪਤਾਲਾਂ ਵਿਚ ਪ੍ਰਬੰਧ ਕਰ ਰਹੇ ਹਨ।