ਚੰਡੀਗੜ੍ਹ : ਅੱਜਕਲ ਪੰਜਾਬ ਵਿਚ ਚਲ ਰਹੇ ਲਾਕਡਾਊਣ ਕਾਰਨ ਖਾਸ ਕਰ ਕੇ ਦੁਕਾਨਦਾਰਾਂ ਨੂੰ ਵਾਧੂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਇਸੇ ਕਰ ਕੇ ਕਈ ਥਾਈਂ ਪੰਜਾਬ ਪੁਲਿਸ ਅਤੇ ਦੁਕਾਨਦਾਰਾਂ ਵਿਚ ਝੜਪਾਂ ਵੀ ਹੋ ਰਹੀਆਂ ਹਨ। ਪੰਜਾਬ ਕੇ ਕਈ ਇਲਾਕਿਆਂ ਵਿਚ ਦੁਕਾਨਦਾਰ ਪ੍ਰਦਰਸ਼ਨ ਕਰ ਕੇ ਇਹ ਕਹਿ ਰਹੇ ਹਨ ਕਿ ਸਾਨੂੰ ਦੁਕਾਨਾਂ ਖੁਲ੍ਹਣ ਦੀ ਇਜਾਜ਼ਤ ਦਿਤੀ ਜਾਵੇ ਕਿਉ ਕਿ ਸਰਕਾਰ ਨੇ ਆਪਣੀ ਆਮਦਨ ਲਈ ਤਾਂ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਹਨ ਅਤੇ ਸਾਡੀ ਆਮਦਨ ਦਾ ਸਾਧਨ ਬੰਦ ਪਿਆ ਹੈ। ਜਾਣਕਾਰੀ ਮੁਤਾਬਕ ਇਸ ਲੌਕਡਾਉਨ ਦੇ ਵਿਰੋਧ 'ਚ ਸਮਰਾਲਾ ਵਿੱਚ ਸਮੂਹ ਦੁਕਾਨਦਾਰਾਂ ਨੇ ਥਾਣੇ ਬਾਹਰ ਧਰਨਾ ਦਿੱਤਾ ਤੇ ਆਪਣੀਆਂ ਚਾਬੀਆਂ ਪੁਲਿਸ ਨੂੰ ਸੌਂਪਦੇ ਹੋਏ ਦੁਕਾਨਾਂ ਪ੍ਰਸ਼ਾਸਨ ਨੂੰ ਖੁਦ ਚਲਾਉਣ ਦੀ ਗੱਲ ਆਖੀ।
ਦੁਕਾਨਦਾਰਾਂ ਨੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਨਾਅਰੇਬਾਜੀ ਕਰਦਿਆਂ ਗ੍ਰਿਫਤਾਰੀਆਂ ਦੇਣ ਦਾ ਐਲਾਨ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇ ਉਪਰ ਧਰਨਾ ਲਾ ਕੇ ਆਵਾਜਾਈ ਵੀ ਜਾਮ ਕੀਤੀ। ਦਰਅਸਲ ਪੰਜਾਬ ਸਰਕਾਰ ਦੇ ਮਿੰਨੀ ਲਾਕਡਾਉਨ ਦੇ ਵਿਰੋਧ 'ਚ ਜਦੋਂ 4 ਮਈ ਨੂੰ ਸਮਰਾਲਾ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਧਰਨਾ ਲਾਇਆ ਸੀ ਤਾਂ ਇਸ ਦੌਰਾਨ ਪੁਲਿਸ ਨੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਦਿੱਤਾ। ਇਸ ਮੁਕੱਦਮੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਸ਼ੁੱਕਰਵਾਰ ਨੂੰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਬੰਦ ਕਰਦੇ ਹੋਏ ਰੋਸ ਵਜੋਂ ਸ਼ਹਿਰ ਬੰਦ ਰੱਖਿਆ ਤੇ ਸਮਰਾਲਾ ਥਾਣਾ ਬਾਹਰ ਧਰਨਾ ਦਿੱਤਾ।
ਇਸੇ ਤਰ੍ਹਾਂ ਦੁਕਾਨਦਾਰਾਂ ਦੇ ਰੋਸ ਨੂੰ ਵੇਖਦੇ ਹੋਏ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸਵੇਰੇ 6 ਵਜੇ ਤੋਂ 10 ਵਜੇ ਤੱਕ ਦੁੱਧ, ਬ੍ਰੈੱਡ ਤੇ ਖਾਣ-ਪੀਣ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਗੈਰ-ਜ਼ਰੂਰੀ ਦੁਕਾਨਾਂ ਨੂੰ 10 ਵਜੇ ਤੋਂ 2 ਵਜੇ ਤਕ ਦੁਕਾਨਾਂ ਖੋਲ੍ਹਣ ਦਾ ਸਮਾਂ ਦਿੱਤਾ ਹੈ। ਬਾਅਦ ਦੁਪਹਰ 3 ਵਜੇ ਤੋਂ ਸਵੇਰੇ 5 ਵਜੇ ਲੌਕਡਾਊਨ ਦਾ ਸਮਾਂ ਤੈਅ ਕੀਤਾ ਗਿਆ ਹੈ। ਦੁਕਾਨ ਮਾਲਕਾਂ ਨੇ ਮੰਗ ਕੀਤੀ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਵੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਸ਼ਰਾਬ ਦੇ ਠੇਕੇ ਸ਼ਾਮ 5 ਵਜੇ ਤਕ ਖੁੱਲਣ ਦੀ ਇਜਾਜ਼ਤ ਹੈ ਤਾਂ ਦੁਕਾਨਾਂ ਨੂੰ ਵੀ ਸ਼ਾਮ 5 ਵਜੇ ਤੱਕ ਖੋਲ੍ਹਣ ਦਿਤਾ ਜਾਏ ਕਿਉਂਕਿ ਦੁਕਾਨ ਦੇ ਕਰਮਚਾਰੀਆਂ ਨੂੰ ਦਿਹਾੜੀ ਹੀ ਨਹੀਂ ਬਣੇਗੀ ਤਾ ਉਹ ਪਰਿਵਾਰ ਨੂੰ ਰੋਟੀ ਕਿਥੋਂ ਖਵਾਉਣਗੇ।