ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਸਪੱਸ਼ਟ ਕਰ ਦਿਤਾ ਕਿ ਉਸ ਨੂੰ ਸਿਖਰਲੀ ਅਦਾਲਤ ਦੇ ਅਗਲੇ ਹੁਕਮ ਤਕ ਰੋਜ਼ਾਨਾ ਦਿੱਲੀ ਨੂੰ 700 ਮੀਟਰਿਕ ਟਨ ਆਕਸੀਜਨ ਦੀ ਸਪਲਾਈ ਜਾਰੀ ਰਖਣੀ ਪਵੇਗੀ। ਨਾਲ ਹੀ ਅਦਾਲਤ ਨੇ ਕਿਹਾ ਕਿ ਇਸ ’ਤੇ ਅਮਲ ਹੋਣਾ ਹੀ ਚਾਹੀਦਾ ਹੈ ਅਤੇ ਇਸ ਦੀ ਪਾਲਣਾ ਵਿਚ ਕੁਤਾਹੀ ਉਸ ਨੂੰ ਸਖ਼ਤੀ ਲਈ ਮਜਬੂਰ ਕਰ ਦੇਵੇਗੀ। ਦੋ ਦਿਨ ਪਹਿਲਾਂ ਅਦਾਲਤ ਨੇ ਦਿੱਲੀ ਨੂੰ ਕੋਵਿਡ ਮਰੀਜ਼ਾਂ ਲਈ 700 ਮੀਟਰਿਕ ਟਨ ਆਕਸੀਜਨ ਦੀ ਸਪਲਾਈ ਦੇ ਨਿਰਦੇਸ਼ ਦੀ ਪਾਲਣਾ ਨਾ ਕਰਨ ’ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਿਰੁਧ ਦਿੱਲੀ ਹਾਈ ਕੋਰਟ ਦੁਆਰਾ ਸ਼ੁਰੂ ਕੀਤੀ ਗਈ ਮਾਣਹਾਨੀ ਦੀ ਕਾਰਵਾਈ ’ਤੇ ਇਹ ਕਹਿੰਦਿਆਂ ਰੋਕ ਲਾ ਦਿਤੀ ਸੀ ਕਿ ਅਧਿਕਾਰੀਆਂ ਨੂੰ ਜੇਲ ਵਿਚ ਸੁੱਟਣ ਨਾਲ ਆਕਸੀਜਨ ਨਹੀਂ ਆਵੇਗੀ। ਜੱਜ ਡੀ ਵਾਈ ਚੰਦਰਚੂੜ ਅਤੇ ਜੱਜ ਐਮ ਆਰ ਸ਼ਾਹ ਦੇ ਬੈਂਚ ਨੇ ਕਿਹਾ ਕਿ ਕੇਂਦਰ ਨੂੰ ਕੌਮੀ ਰਾਜਧਾਨੀ ਨੂੰ ਹਰ ਦਿਨ ਉਕਤ ਮਾਤਰਾ ਵਿਚ ਆਕਸੀਜਨ ਦੇਣੀ ਹੀ ਪਵੇਗੀ।