ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਐਕਟਿੰਗ ਚੀਫ਼ ਜਸਟਿਸ ਮਾਣਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ -2024 ਮਨਾਇਆ ਗਿਆ। ਇਹ ਦਿਵਸ ਆਯੂਸ਼ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ। ਇਸ ਸਮਾਗਮ ਵਿੱਚ ਮਾਣਯੋਗ ਜੱਜ ਸਾਹਿਬਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਹਾਈ ਕੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਵੱਖ-ਵੱਖ ਯੋਗ ਆਸਣ ਅਤੇ ਧਿਆਨ ਸਾਧਨਾ ਕੀਤੀ।
ਇਸ ਮੌਕੇ ਗੌਰਮਿੰਟ ਕਾਲਜ ਆਫ਼ ਯੋਗਾ ਐਜੂਕੇਸ਼ਨ ਐਂਡ ਹੈਲਥ, ਸੈਕਟਰ 23-ਏ, ਚੰਡੀਗੜ੍ਹ ਦੇ ਯੋਗਾ ਇੰਸਟਰਕਟਰ ਨੇ ਭਾਗ ਲੈਣ ਵਾਲਿਆਂ ਨੂੰ ਯੋਗ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ, ਜੋ ਨਾ ਕੇਵਲ ਪੁਰਾਤਨ ਭਾਰਤੀ ਪਰੰਪਰਾ ਦਾ ਇੱਕ ਵਡਮੁੱਲਾ ਤੋਹਫ਼ਾ ਹੈ ਸਗੋਂ ਸਰੀਰਕ ਵਿਕਾਸ, ਮਾਨਸਿਕ ਆਰਾਮ ਦੇ ਨਾਲ-ਨਾਲ ਰਿਸ਼ਟਪੁਸ਼ਟ ਅਤੇ ਨਿਰੋਗੀ ਸ਼ਰੀਰ ਦੇ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗਾ ਮਹਿਜ਼ ਸ਼ਰੀਰਕ ਕਸਰਤ ਨਹੀਂ ਹੈ ਬਲਕਿ ਇਹ ਵਿਸ਼ਵ ਅਤੇ ਕੁਦਰਤ ਨਾਲ ਏਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਮਦਦ ਕਰਦਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਯੋਗਾ ਨੂੰ ਹਰ ਵਿਅਕਤੀ ਦੇ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣਾ ਅਤੇ ਸੰਪੂਰਨ ਵਿਕਾਸ ਵਿੱਚ ਇਸ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ।