ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਤਿੰਨ-ਪੱਖੀ ਰਣਨੀਤੀ ਆਪਣਾਈ
ਜੇਕਰ ਕੋਈ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਪੁਲਿਸ ਨੂੰ ਸੂਚਿਤ ਕਰੋ, ਡੀਜੀਪੀ ਗੌਰਵ ਯਾਦਵ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ
ਪੁਲਿਸ ਅਧਿਕਾਰੀਆਂ ਨੂੰ ਪੁਆਇੰਟ-ਆਫ਼-ਸੇਲ ਨੂੰ ਧਿਆਨ ਵਿੱਚ ਰੱਖਣ, ਐਨਡੀਪੀਐਸ ਐਕਟ ਤਹਿਤ ਦਰਜ ਸਾਰੇ ਕੇਸਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ: ਡੀਜੀਪੀ ਗੌਰਵ ਯਾਦਵ
ਪੰਜਾਬ ਪੁਲਿਸ ਨੇ ਮਾਰਚ 2022 ਤੋਂ ਹੁਣ ਤੱਕ 2700 ਕਿਲੋਗ੍ਰਾਮ ਹੈਰੋਇਨ, 3450 ਕਿਲੋ ਅਫੀਮ, 1.77 ਲੱਖ ਕਿਲੋ ਭੁੱਕੀ, 1.40 ਕਰੋੜ ਗੋਲੀਆਂ/ਕੈਪਸੂਲ ਅਤੇ 2 ਲੱਖ ਟੀਕੇ ਕੀਤੇ ਨਸ਼ਟ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਅੱਜ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਸੂਬੇ ਭਰ ਵਿੱਚ 10 ਵੱਖ-ਵੱਖ ਥਾਵਾਂ 'ਤੇ 83 ਕਿਲੋ ਹੈਰੋਇਨ, 10,000 ਕਿਲੋ ਭੁੱਕੀ, 100 ਕਿਲੋਗ੍ਰਾਮ ਗਾਂਜਾ, 4.52 ਲੱਖ ਗੋਲੀਆਂ/ਕੈਪਸੂਲ ਨਸ਼ਟ ਕੀਤੇ। ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਪੂਰਥਲਾ, ਐਸ.ਏ.ਐਸ.ਨਗਰ, ਫਤਹਿਗੜ੍ਹ ਸਾਹਿਬ, ਰੂਪਨਗਰ ਜ਼ਿਲ੍ਹਿਆਂ ਅਤੇ ਸਾਰੀਆਂ ਐਸਟੀਐਫ ਰੇਜਾਂ ਨਾਲ ਸਬੰਧਤ ਨਸ਼ਿਆਂ ਦੀ ਖੇਪ ਦੇ ਚੱਲ ਰਹੇ ਨਿਪਟਾਰੇ ਦੀ ਜਾਂਚ ਕਰਨ ਲਈ ਡੇਰਾਬਸੀ, ਐਸ.ਏ.ਐਸ.ਨਗਰ ਵਿਖੇ ਨਸ਼ਾ ਨਸ਼ਟ ਕਰਨ ਵਾਲੀ ਥਾਂ - ਪੰਜਾਬ ਕੈਮੀਕਲ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ - ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਡੀਜੀਪੀ ਦੇ ਨਾਲ ਸਪੈਸ਼ਲ ਡੀਜੀਪੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਕੁਲਦੀਪ ਸਿੰਘ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਰੂਪਨਗਰ ਰੇਂਜ ਨੀਲਾਂਬਰੀ ਜਗਦਲੇ ਅਤੇ ਐਸਏਐਸ ਨਗਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਡਾਕਟਰ ਸੰਦੀਪ ਗਰਗ ਵੀ ਮੌਜੂਦ ਸਨ। ਡੀਜੀਪੀ ਗੌਰਵ ਯਾਦਵ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੇ 33 ਜ਼ਿਲ੍ਹਿਆਂ/ਕਮਿਸ਼ਨਰੇਟਾਂ ਅਤੇ ਯੂਨਿਟਾਂ ਵੱਲੋਂ ਸੂਬੇ ਭਰ ਵਿੱਚ 10 ਵੱਖ-ਵੱਖ ਥਾਵਾਂ 'ਤੇ 626 ਐਨਡੀਪੀਐਸ ਕੇਸਾਂ ਨਾਲ ਸਬੰਧਤ ਨਸ਼ਿਆਂ ਦੀ ਇਸ ਵੱਡੀ ਖੇਪ ਦਾ ਪਾਰਦਰਸ਼ੀ ਢੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੈਬੈਕਸ ਮੀਟਿੰਗ ਜ਼ਰੀਏ ਬਾਕੀ ਜ਼ਿਲ੍ਹਿਆਂ/ਯੂਨਿਟਾਂ ‘ਤੇ ਚੱਲ ਰਹੇ ਨਸ਼ਿਆਂ ਦੇ ਨਿਪਟਾਰੇ/ਨਸ਼ਟ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 2700 ਕਿਲੋਗ੍ਰਾਮ ਹੈਰੋਇਨ, 3450 ਕਿਲੋ ਅਫੀਮ, 1.77 ਲੱਖ ਕਿਲੋ ਭੁੱਕੀ, 1.40 ਕਰੋੜ ਗੋਲੀਆਂ/ਕੈਪਸੂਲ ਅਤੇ 2 ਲੱਖ ਟੀਕਿਆਂ ਨੂੰ ਨਸ਼ਟ ਕੀਤਾ ਹੈ। ਪੰਜਾਬ ਵਿੱਚ ਨਸ਼ਿਆਂ ਨੂੰ ਨਸ਼ਟ ਕਰਨ ਸਬੰਧੀ ਆਖਰੀ ਕਾਰਵਾਈ 7 ਜੂਨ 2024 ਨੂੰ ਕੀਤੀ ਗਈ ਸੀ। ਡੀਜੀਪੀ ਨੇ “ਨਸ਼ਿਆਂ ਨੂੰ ਨਾਂਹ ਕਹੋ” ਦਾ ਸਪੱਸ਼ਟ ਸੰਦੇਸ਼ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਨਸ਼ਿਆਂ ਦੀ ਲਤ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਅਤੇ ਜੇਕਰ ਕੋਈ ਵੀ ਨਸ਼ਾ ਤਸਕਰੀ ਜਾਂ ਸਪਲਾਈ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨਾਲ ਸਾਂਝੀ ਕਰਨ ਲਈ ਵੀ ਕਿਹਾ। ਉਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ, “ਆਓ ਰਲ ਕੇ ਇਸ ਠੋਸ ਸੰਕਲਪ ਨਾਲ ਨਸ਼ਿਆਂ ਵਿਰੁੱਧ ਲੜਾਈ ਦਾ ਅਹਿਦ ਲਈਏ। ਆਓ ਅਸੀਂ ਆਪਣੇ ਨੌਜਵਾਨਾਂ, ਆਪਣੇ ਪਰਿਵਾਰਾਂ ਅਤੇ ਆਪਣੇ ਭਵਿੱਖ ਦੀ ਰਾਖੀ ਕਰੀਏ।” ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ-ਇਨਫੋਰਸਮੈਂਟ, ਡੀ-ਅਡਿਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਅਤੇ ਪਿੰਡ ਪੱਧਰ 'ਤੇ ਪੁਆਇੰਟ ਆਫ਼ ਸੇਲ ਨੂੰ ਧਿਆਨ ਵਿੱਚ ਰੱਖਦਿਆਂ ਡਰੱਗ ਸਪਲਾਈ ਨੂੰ ਕੰਟਰੋਲ ਕਰਨ ਸਬੰਧੀ ਰਣਨੀਤੀ ਨੂੰ ਤੇਜ਼ ਕਰਦਿਆਂ, ਪੁਲਿਸ ਅਧਿਕਾਰੀਆਂ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਜਾ ਰਹੇ ਸਾਰੇ ਮਾਮਲਿਆਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਦੇ ਠੋਸ ਯਤਨਾਂ ਸਦਕਾ, ਹੈਰੋਇਨ ਦੀ ਬਰਾਮਦਗੀ ਵਿੱਚ 2017 ਤੋਂ 6.83 ਗੁਣਾ (683 ਫੀਸਦੀ) ਵਾਧਾ ਹੋਇਆ ਹੈ। ਡੱਬੀ: ਮਾਰਚ 2022 ਤੋਂ ਨਸ਼ਿਆਂ ਵਿਰੁੱਧ ਕੀਤੀਆਂ ਕਾਰਵਾਈਆਂ * 2 ਕਿਲੋਗ੍ਰਾਮ ਅਤੇ ਇਸ ਤੋਂ ਵੱਧ ਹੈਰੋਇਨ ਸਮੇਤ ਫੜੀਆਂ ਗਈਆਂ ਵੱਡੀਆਂ ਮੱਛੀਆਂ: 356 * ਜਾਇਦਾਦਾਂ ਜ਼ਬਤ: 200 ਕਰੋੜ ਰੁਪਏ ਦੀਆਂ 459 ਜਾਇਦਾਦਾਂ * ਕੁੱਲ ਹੈਰੋਇਨ ਬਰਾਮਦ: 2324 ਕਿਲੋਗ੍ਰਾਮ * ਕੁੱਲ ਅਫੀਮ ਬਰਾਮਦ: 2239 ਕਿਲੋਗ੍ਰਾਮ * ਕੁੱਲ ਭੁੱਕੀ ਬਰਾਮਦ: 106 ਟਨ * ਕੁੱਲ ਗਾਂਜਾ ਬਰਾਮਦ: 2613 ਕਿਲੋਗ੍ਰਾਮ * ਫਾਰਮਾ ਓਪੀਔਡਜ਼ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ: 4.16 ਕਰੋੜ * ਡਰੋਨ ਬਰਾਮਦ: 187