ਨਗਰ ਨਿਗਮ ਅਤੇ ਗਮਾਡਾ ਨੂੰ ਮੋਹਾਲੀ ਵਾਸੀਆਂ ਨੂੰ ਕਿਸੇ ਵੀ ਸਮੱਸਿਆ ਤੋਂ ਬਚਾਉਣ ਲਈ ਆਪਣੇ ਤੌਰ 'ਤੇ ਕੂੜੇ ਦਾ ਪ੍ਰਬੰਧਨ ਕਰਨ ਲਈ ਕਿਹਾ ਗਿਆ
ਸਮਗੋਲੀ ਵਿਖੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ ਦੀ ਸਥਾਪਨਾ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ - ਐਮ ਐੱਲ ਏ
ਮੋਹਾਲੀ : ਮੁਹਾਲੀ ਸ਼ਹਿਰ ਵਿੱਚ ਕੁੜੇ ਦੇ ਨਿਪਟਾਰੇ ਦੇ ਮੁੱਦੇ ਦਾ ਨੋਟਿਸ ਲੈਂਦਿਆਂ ਐਸ.ਏ.ਐਸ.ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨਾਲ ਨਗਰ ਨਿਗਮ ਅਤੇ ਗਮਾਡਾ ਦੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਕਰਕੇ ਕੂੜਾ ਇਕੱਠਾ ਕਰਨ ਦੇ ਲਗਾਤਾਰ ਜਾਰੀ ਮੁੱਦੇ ਦੇ ਹੱਲ ਲਈ ਦੋਵਾਂ ਵਿਭਾਗਾਂ ਨੂੰ ਕੂੜੇ ਦਾ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਮੁਹਾਲੀ ਨਿਵਾਸੀਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕੂੜੇ ਦੇ ਨਿਪਟਾਰੇ ਦੇ ਮੁੱਦੇ ਕਾਰਨ ਪ੍ਰੇਸ਼ਾਨ ਹਨ, ਇਸ ਲਈ ਇਨ੍ਹਾਂ ਦੋਵੇਂ ਵਿਭਾਗਾਂ ਦਾ ਮੁੱਖ ਫਰਜ਼ ਹੈ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਠੋਸ ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਗਮਾਡਾ ਦੇ ਖੇਤਰਾਂ ਵਿੱਚ ਪੈਂਦੇ ਆਰ ਐਮ ਸੀ (ਰਿਸੋਰਸ ਮੈਨੇਜਮੈਂਟ ਸੈਂਟਰ) ਨੂੰ ਦੋਵੇਂ ਸ਼ਹਿਰੀ ਸੰਸਥਾਵਾਂ ਵੱਲੋਂ ਸੰਭਾਲਿਆ ਜਾਵੇ ਤਾਂ ਜੋ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੋਵੇਂ ਸ਼ਹਿਰੀ ਸੰਸਥਾਵਾਂ ਸਮੱਸਿਆ ਦੇ ਸਥਾਈ ਹੱਲ ਤੱਕ ਕੂੜੇ ਦਾ ਪ੍ਰਬੰਧਨ ਆਪੋ-ਆਪਣੀ ਸਾਲਿਡ ਵੇਸਟ ਮੈਨੇਜਮੈਂਟ ਏਜੰਸੀਆਂ ਕਰਨ ਲਈ ਸਹਿਮਤੀ 'ਤੇ ਆ ਗਈਆਂ ਹਨ। ਵਿਧਾਇਕ ਨੇ ਅੱਗੇ ਕਿਹਾ ਕਿ ਸਮਗੋਲੀ ਪਿੰਡ ਵਿਖੇ ਪ੍ਰਸਤਾਵਿਤ ਠੋਸ ਰਹਿੰਦ-ਖੂੰਹਦ ਪ੍ਰਬੰਧਨ ਯੋਜਨਾ ਲਈ ਤਕਨੀਕੀ ਅਤੇ ਕਾਨੂੰਨੀ ਅੜਚਣਾਂ ਨੂੰ ਦੂਰ ਕੀਤਾ ਜਾਵੇਗਾ ਤਾਂ ਜੋ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਭਾਵੇਂ ਇਹ ਮਸਲਾ ਗੰਭੀਰ ਹੈ, ਪਰ ਇਹ ਮੁਹਾਲੀ ਨਗਰ ਨਿਗਮ ਦੀ ਹੱਦ ਅਤੇ ਗਮਾਡਾ ਵੱਲੋਂ ਵਿਕਸਤ ਖੇਤਰਾਂ ਦੇ ਲੋਕਾਂ ਲਈ ਗੈਰਵਾਜਬ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੋਵਾਂ ਸ਼ਹਿਰੀ ਸੰਸਥਾਵਾਂ ਤੋਂ ਵੱਡੀਆਂ ਆਸਾਂ ਹਨ, ਇਸ ਲਈ ਕੋਈ ਸਥਾਈ ਹੱਲ ਕੱਢਣ ਤੋਂ ਪਹਿਲਾਂ ਆਰਜ਼ੀ ਢੰਗ ਨਾਲ ਤੁਰੰਤ ਕੂੜਾ ਇਕੱਠਾ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕੂੜੇ ਦੇ ਨਿਪਟਾਰੇ ਦੇ ਮੁੱਦੇ ਨੂੰ ਤੁਰੰਤ ਹੱਲ ਕਰਨ ਲਈ ਦੋਵਾਂ ਸ਼ਹਿਰੀ ਸੰਸਥਾਵਾਂ ਦਰਮਿਆਨ ਚੰਗੇ ਤਾਲਮੇਲ 'ਤੇ ਜ਼ੋਰ ਦਿੱਤਾ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਅਤੇ ਵਧੀਕ ਮੁੱਖ ਪ੍ਰਸ਼ਾਸਕ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਅਮਰਿੰਦਰ ਸਿੰਘ ਟਿਵਾਣਾ ਨੂੰ ਕਿਹਾ ਕਿ ਉਹ ਇਸ ਮੁੱਦੇ 'ਤੇ ਠੋਸ ਪ੍ਰਬੰਧਨ ਏਜੰਸੀਆਂ ਨੂੰ ਸ਼ਾਮਲ ਕਰਨ ਤਾਂ ਜੋ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਨਾ ਝੱਲਣੀ ਪਵੇ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਅਤੇ ਐਸਡੀਐਮ ਮੁਹਾਲੀ ਦੀਪਾਂਕਰ ਗਰਗ ਹਾਜ਼ਰ ਸਨ।