ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਜੇਲ੍ਹਾਂ ਵਿੱਚ ਕੈਦੀਆਂ ਦੀ ਭੀੜ ਘੱਟ ਕਰਨ ਲਈ ਇਹ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਰਾਜਾਂ ਵਿਚ ਬਣਾਈ ਹਾਈ ਪਾਵਰਡ ਕਮੇਟੀ ਪਿਛਲੇ ਸਾਲ ਜਾਰੀ ਹੁਕਮਾਂ ਦੇ ਮੁਤਾਬਕ ਕੈਦੀਆਂ ਦੀ ਰਿਹਾਈ ਲਈ ਫ਼ੈਸਲਾ ਲਵੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਕੋਰਟ ਦੇ ਹੁਕਮਾਂ ’ਤੇ ਕੈਦੀਆਂ ਨੇ ਅੰਤਰਿਮ ਜ਼ਮਾਨਤ ’ਤੇ ਛੱਡ ਦਿੱਤਾ ਸੀ ਅਤੇ ਉਹ ਕੈਦੀ ਜੇਲ੍ਹਾਂ ਵਿਚ ਵਾਪਸ ਆ ਚੁੱਕੇ ਹਨ।
ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਤਹਿਤ ਜੇਲ੍ਹਾਂ ਵਿਚ ਵੀ ਕਰੋਨਾਵਾਇਰਸ ਦੇ ਮਾਮਲੇ ਵੇਖਣ ਵਿਚ ਆਏ ਹਨ ਜਿਸ ਦੇ ਚਲਦਿਆਂ ਚੀਫ਼ ਜਸਟਿਸ ਐਨ.ਵੀ. ਰਮਨਾ ਦੇ ਸਾਹਮਣੇ ਇਹ ਮਾਮਲਾ ਰੱਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ 4 ਲੱਖ 1 ਹਜ਼ਾਰ 228 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3 ਲੱਖ 19 ਹਜ਼ਾਰ 469 ਦੇ ਨੇੜੇ ਹੈ। ਕਰੋਨਾਵਾਇਰਸ ਕਾਰਨ ਦੇਸ਼ ਵਿਚ 4,191 ਮੌਤਾਂ ਹੋ ਚੁੱਕੀਆਂ ਹਨ। ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਦੇਸ਼ ਵਿੱਚ ਇਕ ਦਿਨ ਵਿੱਚ ਇੰਨੀ ਵੱਡੀ ਗਿਣਤੀ ਵਿਚ ਮਾਮਲਿਆਂ ਦਾ ਆਉਣਾ ਅਤੇ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਦੀ ਗਿਣਤੀ ਬਹੁਤ ਚਿੰਤਾ ਦਾ ਵਿਸ਼ਾ ਹੈ।