ਗੁਰਿੰਦਰ ਸਿੰਘ ਸਰਪੰਚ ਦੀ ਅਗਵਾਈ ’ਚ ਵਫ਼ਦ ਵੱਲੋਂ ਚੇਅਰਮੈਨ ਚੀਮਾ ਨਾਲ ਮੁਲਾਕਾਤ
ਕੁਰਾਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ ਵੱਲੋਂ ਪਿੰਡ ਵਾਸੀਆਂ ਦੇ ਇੱਕ ਵਫ਼ਦ ਨੂੰ ਨਾਲ ਲੈ ਕੇ ਅੱਜ ਪੰਜਾਬ ਰਾਜ ਟਿਊਬਵੈਲ ਕਾਰਪੋਰੇਸ਼ਨ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਗਈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਗਰਮੀਆਂ ਵੇਲੇ ਪਿੰਡ ਵਾਸੀਆਂ ਨੂੰ ਫ਼ਸਲਾਂ ਲਈ ਪੇਸ਼ ਆ ਰਹੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਿਚਾਰ ਕੀਤੀ ਗਈ। ਉਨ੍ਹਾਂ ਚੇਅਰਮੈਨ ਚੀਮਾ ਨੂੰ ਪਿੰਡ ਵਿੱਚ ਖੇਤੀਬਾੜੀ ਦੀ ਸਿੰਚਾਈ ਲਈ ਨਵਾਂ ਸਰਕਾਰੀ ਟਿਊਬਵੈਲ ਅਤੇ ਪਾਣੀ ਦੀਆਂ ਪਾਈਪਾਂ ਸਬੰਧੀ ਵਿਸਥਾਰਪੂਰਵਕ ਗੱਲਬਾਤ ਦੱਸਦਿਆਂ ਕਿਹਾ ਕਿ ਘਾੜ ਦੇ ਇਲਾਕੇ ਦਾ ਪ੍ਰਮੁੱਖ ਕਸਬਾ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਵੱਲੋਂ ਕਸਬਾ ਵਾਸੀਆਂ ਦੀ ਇਸ ਸਮੱਸਿਆ ਨੂੰ ਅਣਗੌਲਿਆ ਕੀਤਾ ਗਿਆ ਹੈ। ਸਰਪੰਚ ਗੁਰਿੰਦਰ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਸਮੇਤ ਚੇਅਰਮੈਨ ਚੀਮਾ ਨਾਲ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਹੈ ਅਤੇ ਚੇਅਰਮੈਨ ਚੀਮਾ ਵੱਲੋਂ ਉਨ੍ਹਾਂ ਨੂੰ ਭਰੋਸਾ ਦੁਆਇਆ ਗਿਆ ਹੈ ਕਿ ਉਹ ਜਲਦੀ ਹੀ ਇਸ ਸਬੰਧੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਸਬੰਧਿਤ ਵਿਭਾਗ ਦੇ ਮੰਤਰੀ ਅਤੇ ਅਧਿਕਾਰੀਆਂ ਨਾਲ ਵਿਚਾਰ ਕਰਕੇ ਖਿਜਰਾਬਾਦ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦੁਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਚੇਅਰਮੈਨ ਚੀਮਾ ਵੱਲੋਂ ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੂੰ ਇਸ ਪ੍ਰਾਜੈਕਟ ਪ੍ਰਪੋਜਲ ਤਿਆਰ ਕਰਨ ਅਤੇ ਹੋਰ ਕਾਗਜੀ ਕਾਰਵਾਈ ਪੂਰੀ ਕਰਨ ਲਈ ਵੀ ਕਿਹਾ। ਸਰਪੰਚ ਗੁਰਿੰਦਰ ਸਿੰਘ ਅਨੁਸਾਰ ਸਿੰਚਾਈ ਲਈ ਨਵਾਂ ਟਿਊਬਵੈਲ ਲੱਗਣ ਅਤੇ ਪਾਣੀ ਦੀਆਂ ਪਾਈਪਾਂ ਪੈਣ ਨਾਲ ਕਸਬੇ ਕਿਸਾਨਾਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਹੈਪੀ, ਮਾ. ਨਰਿੰਦਰਪਾਲ ਸਿੰਘ ਪਾਲੀ, ਜਗਦੀਪ ਸਿੰਘ ਅਤੇ ਨਵਤੇਜ ਸਿੰਘ ਬਰਾੜ ਹਾਜਰ ਸਨ।