ਲਾਲੜੂ-ਹੰਡੇਸਰਾ ਰੋਡ 'ਤੇ ਪੈਂਦੇ ਪਿੰਡ ਜੌਹਲਾਂ ਕਲਾਂ ਤੋਂ ਹੋਵੇਗੀ ਜ਼ਿਲ੍ਹਾ ਪੱਧਰੀ ਸ਼ੁਰੂਆਤ
ਡੀ ਸੀ ਨੇ ਲੋਕਾਂ ਨੂੰ ਆਪਣੇ ਨੇੜਲੀਆਂ ਬੂਟੇ ਲਗਾਉਣ ਵਾਲੀਆਂ ਥਾਵਾਂ 'ਤੇ ਪਹੁੰਚ ਕੇ ਪ੍ਰਸ਼ਾਸਨ ਦੇ ਯਤਨਾਂ ਚ ਸਹਿਯੋਗ ਕਰਨ ਦੀ ਅਪੀਲ ਕੀਤੀ
ਮੋਹਾਲੀ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਾਤਾਵਰਨ ਦੀ ਸੰਭਾਲ ਲਈ ਹਰਿਆਵਲ ਨੂੰ ਵਧਾਉਣ ਦੇ ਉਦੇਸ਼ ਨਾਲ ਐਸ.ਏ.ਐਸ.ਨਗਰ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਬੂਟੇ ਲਗਾਉਣ ਦਾ ਇਤਿਹਾਸ ਸਿਰਜਿਆ ਜਾਵੇਗਾ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਮਿਸ਼ਨ ਹਰਿਆਵਲ ਦਾ ਸੁਨੇਹਾ ਦੇਣ ਲਈ ਇੱਕ ਦਿਨ ਵਿੱਚ ਕੁੱਲ 1.5 ਲੱਖ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਪੌਦੇ ਲਗਾਉਣ ਦਾ ਉਦੇਸ਼ ਹਰਿਆਵਲ ਨੂੰ ਵਧਾ ਕੇ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਅਤੇ ਸਰਕਾਰੀ ਵਿਭਾਗਾਂ ਨੂੰ ਲਾਮਬੰਦ ਕਰਨਾ ਅਤੇ ਜਾਗਰੂਕ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਲਕੇ (ਮੰਗਲਵਾਰ) ਸਵੇਰੇ 11:00 ਵਜੇ ਲਾਲੜੂ-ਹੰਡੇਸਰਾ ਰੋਡ 'ਤੇ ਸਥਿਤ ਪਿੰਡ ਜੌਹਲਾਂ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਉਦਘਾਟਨੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਪ੍ਰਸ਼ਾਸਨ ਦੇ ਨਾਲ ਸ਼ਾਮਿਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਜੌਹਲਾਂ ਕਲਾਂ ਵਿਖੇ ਇਕ ਵਾਰ ਵਿਚ 10000 ਬੂਟੇ ਲਗਾਏ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸਬ ਡਵੀਜ਼ਨ ਪੱਧਰੀ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਜਾਵੇਗੀ। ਖਰੜ ਦੇ ਮਲਕਪੁਰ ਵਿਖੇ 2000, ਇਸੇ ਤਰ੍ਹਾਂ ਮੁਹਾਲੀ ਦੇ ਕੁਰੜੀ ਵਿਖੇ 2000, ਵਿਖੇ 1000, ਮੋਟੇ ਮਾਜਰਾ, ਤੰਗੋਰੀ ਅਤੇ ਠਸਕਾ ਵਿਖੇ ਇੱਕ-ਇੱਕ ਹਜ਼ਾਰ ਤੋਂ ਇਲਾਵਾ ਮੌਜਪੁਰ ਵਿਖੇ 500 ਬੂਟੇ ਕੱਲ੍ਹ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਤਿੰਨੋਂ ਸਬ-ਡਵੀਜ਼ਨਾਂ ਨੂੰ ਇੱਕ ਦਿਨ ਵਿੱਚ ਔਸਤਨ 50,000 ਬੂਟੇ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ। ਮਿਸ਼ਨ ਗ੍ਰੀਨ ਤਹਿਤ ਪੂਰੇ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਏ ਜਾਣਗੇ ਅਤੇ ਇਹ ਚੱਲ ਰਹੀ ਮਿਸ਼ਨ ਹਰਿਆਲੀ ਮੁਹਿੰਮ ਦਾ ਹਿੱਸਾ ਹੋਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਮਿਸ਼ਨ ਗ੍ਰੀਨ ਅਭਿਆਨ ਨੂੰ ਸਫਲ ਬਣਾਉਣ ਲਈ ਨੇੜੇ-ਤੇੜੇ ਦੇ ਬੂਟੇ ਲਗਾਉਣ ਵਾਲੇ ਸਥਾਨਾਂ 'ਤੇ ਪਹੁੰਚਣ ਅਤੇ ਵਾਤਾਵਰਣ ਸੰਭਾਲ ਵਿੱਚ ਸਹਿਯੋਗ ਦੇਣ।